Khalsa Press Publication, ISSN: 2469-5432
Sikh News Network®
        World Sikh Organization Calls on India to End Mob Lynchings & Protect Minorities
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
ਬਰਗਾੜੀ ਘਟਨਾ ਦੇ ਸੰਦਰਭ ਵਿਚ : ਸਰਕਾਰੀ ਅੱਤਵਾਦ ਸਿੱਖ ਨੌਜਵਾਨੀ ਨੂੰ ਖਾਣ ਦੇ ਰਾਹ ਪਿਆ ?
ਬਰਗਾੜੀ ਘਟਨਾ ਦੇ ਸੰਦਰਭ ਵਿਚ : ਸਰਕਾਰੀ ਅੱਤਵਾਦ ਸਿੱਖ ਨੌਜਵਾਨੀ ਨੂੰ ਖਾਣ ਦੇ ਰਾਹ ਪਿਆ ?

ਪੰਜਾਬ ਪੁਲਿਸ ਨੇ ਆਖਰ ਆਪਣੇ ਅਜ਼ਮਾਈ ਹੋਏ ਢੰਗ ਤਰੀਕਿਆਂ ਨਾਲ ਪਿੰਡ ਬਰਗਾੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ "ਅਸਲ ਦੋਸ਼ੀਆਂ" ਨੂੰ ਪ੍ਰੈਸ ਕਾਨਫਰੰਸ ਕਰਕੇ ਨਸ਼ਰ ਕਰ ਦਿੱਤਾ। 20 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਇਤਿਹਾਸਕ ਮੀਟਿੰਗ ਹੋਈ ਜਿਸ ਵਿਚ ਪੰਜਾਬ ਪੁਲਿਸ ਦੇ ਵੱਡੇ ਅਫਸਰ ਵੀ ਸ਼ਾਮਲ ਹੋਏ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਨੇ "ਅਸਲ-ਦੋਸ਼ੀਆਂ" ਦੇ ਫੜੇ ਜਾਣ ਦਾ ਐਲਾਨ ਕਰਕੇ ਅਗਲੀ ਕਾਰਵਾਈ ਲਈ ਪੁਲਿਸ ਅਫਸਰਾਂ ਨੂੰ ਅੱਗੇ ਕਰ ਦਿੱਤਾ ਜਿਸ ਵਿਚ ਅਜਿਹੇ ਝੂਠ ਬੋਲੇ ਗਏ ਜਿਹਨਾਂ ਦਾ ਸਰੇ-ਬਾਜ਼ਾਰ ਭਾਂਡਾ ਭੱਜ ਚੁੱਕਾ ਹੈ ਅਤੇ ਸਰਕਾਰੀ ਅੱਤਵਾਦੀਆਂ ਵਲੋਂ ਕੀਤੀ ਗਈ ਕਾਰਵਾਈ ਨੂੰ ਗੁਰਸਿੱਖਾਂ ਦੇ ਸਿਰ ਮੜ੍ਹ ਕੇ ਪੱਲਾ ਝਾੜ ਲਿਆ ਗਿਆ ਪਰ ਅੱਗੇ ਕੀ ਹੋਣਾ ਹੈ ਇਸ ਬਾਰੇ ਅਜੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਇੱਕ ਗੱਲ ਸਾਫ ਹੈ ਕਿ ਕੇਂਦਰੀ ਨੀਤੀ ਤਹਿਤ ਬਾਦਲ ਸਰਕਾਰ ਨੇ ਪੰਜਾਬ ਨੂੰ ਪੁਲਿਸ-ਰਾਜ ਬਣਾ ਦਿੱਤਾ ਹੈ ਅਤੇ ਸਰਕਾਰੀ ਅੱਤਵਾਦ ਦੀ ਅੱਗ ਵਿਚ ਇਕ ਵਾਰ ਫਿਰ ਪੰਜਾਬ ਨੂੰ ਧੱਕਿਆ ਜਾ ਰਿਹਾ ਹੈ।

ਇਹ ਕੈਸਾ ਨਿਆਂ ਹੈ ਕਿ ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸਿੱਖ ਸਮਾਜ ਦੇ ਹੋਰਨਾਂ ਵਰਗਾਂ ਦੇ ਸਹਿਯੋਗ ਨਾਲ ਨਿਆਂ ਮੰਗਣ ਲਈ ਸੜਕਾਂ ਉਪਰ ਆ ਗਏ ਅਤੇ ਸਰਕਾਰ ਵਲੋਂ ਅਸਲ ਦੋਸ਼ੀਆਂ ਨੂੰ ਲੱਭਣ ਦੀ ਬਜਾਇ ਸਿੱਖ ਨੌਜਵਾਨਾਂ ਉਪਰ ਦੀ ਆਪਣੇ ਗੁਰੂ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਾ ਕੇ, ਤਸ਼ੱਦਦ ਕਰਕੇ ਜੇਲ੍ਹਾਂ ਵਿਚ ਧੱਕਿਆ ਜਾ ਰਿਹਾ ਹੈ ਅਤੇ ਇਹ ਲੜੀ ਹੋਰ ਲੰਬੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਪੰਜਾਬ ਪੁਲਿਸ ਵਲੋਂ ਕੀਤੇ ਗਏ ਇੰਕਸਾਫਾਂ ਵਿਚ ਪੰਜਾਬ ਦੀ ਜਨਤਾ ਨੂੰ ਪਹਿਲੀ ਵਾਰ ਹੀ ਯਕੀਨ ਨਹੀਂ ਆਇਆ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਚੰਗੀ ਤਰ੍ਹਾਂ ਵਾਕਫ ਹਨ ਅਤੇ ਪੰਜਾਬ ਪੁਲਿਸ ਵਲੋਂ ਕੀਤੀ ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਹੀ ਲੋਕਾਂ ਵਿਚ ਗੱਲਾਂ ਹੋਣ ਲੱਗ ਪਈਆ ਕਿ ਦਾਲ ਵਿਚ ਜਰੂਰ ਕੁਝ ਕਾਲਾ ਹੈ ਪਰ ਦਿਨ ਚੜ੍ਹਦਿਆਂ ਨੂੰ ਪਤਾ ਲੱਗ ਗਿਆ ਕਿ ਦਾਲ ਵਿਚ ਕੁਝ ਕਾਲਾ ਨਹੀਂ ਸਗੋਂ ਦਾਲ ਹੀ ਕਾਲੀ ਹੈ।

ਸਭ ਤੋਂ ਪਹਿਲਾਂ ਤਾਂ ਜਿਸ ਪਿੰਡ ਪੰਜਗਰਾਈਂ ਖੁਰਦ ਦੇ ਦੋ ਗੁਰਸਿੱਖ ਨੌਜਵਾਨਾਂ ਸਕੇ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਉਪਰ ਇਹ ਸਾਰੇ ਨਾ-ਸਹਿਣਯੋਗ ਇਲਜ਼ਾਮ ਲਾਗਾਏ ਹਨ, ਉਸ ਪਿੰਡ ਦੀ ਪੰਚਾਇਤ ਨੇ ਇਸ ਦੀ ਨਿਖੇਧੀ ਕੀਤੀ ਅਤੇ ਹੁਣ ਤੱਕ ਤਾਂ ਦੁਨੀਆਂ ਭਰ ਵਿਚ ਬੈਠੇ ਹਰ ਸਿੱਖ ਤੇ ਇਨਾਸਾਨੀਅਤ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠਾ ਫਸਾ ਦਿੱਤਾ ਗਿਆ ਹੈ।ਭਾਵੇਂ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿਚ ਸ਼ਾਂਤੀ ਲਿਆਉਂਣ ਦੀ ਗੱਲ ਕੀਤੀ ਹੈ ਪਰ ਅਸਲ ਵਿਚ ਸਾਰੀ ਸੱਚਾਈ ਤੋਂ ਪਰਦਾ ਲਹਿਣ ਤੋਂ ਬਾਅਦ ਬੇ-ਇੰਨਸਾਫੀ ਵੱਧਦੀ ਦਿਸ ਰਹੀ ਹੈ ਅਤੇ ਇਹ ਅਟੱਲ ਸੱਚਾਈ ਹੈ ਕਿ ਸ਼ਾਂਤੀ ਉੱਥੇ ਹੀ ਟਿਕ ਸਕਦੀ ਹੈ ਜਿੱਥੇ ਇੰਨਸਾਫ ਹੋਵੇ ਪਰ ਇੱਥੇ ਤਾਂ ਜਖਮਾਂ ਉਪਰ ਤੇਜ਼ਾਬ ਪਾ ਦਿੱਤਾ ਗਿਆ ਹੈ।

ਦੂਜੀ ਗੱਲ ਪੰਜਾਬ ਪੁਲਿਸ ਨੇ ਕੀਤੀ ਕਿ ਇਹਨਾਂ ਨੌਜਵਾਨਾਂ ਨੂੰ ਆਸਟ੍ਰੇਲੀਆ ਵਿਚੋਂ ਪੈਸੇ ਭੇਜ ਕੇ ਇਹ ਬੇਅਦਬੀ ਦਾ ਕਾਰਨਾਮਾ ਕਰਵਾਇਆ ਗਿਆ ਹੈ। ਪੰਜਾਬ ਪੁਲਿਸ ਨੇ ਤਾਂ ਆਸਟ੍ਰੇਲੀਆ ਵਾਲੇ ਕਿਸੇ ਨੌਜਵਾਨ ਦਾ ਨਾਮ ਲਈ ਲਿਆ ਪਰ ਪੈਸੇ ਭੇਜਣ ਵਾਲੇ ਸੁਖਜੀਤ ਸਿੰਘ ਦਿਓਲ ਨੇ ਆਪ ਕੌਮੀ ਆਵਾਜ਼ ਰੇਡਿਓ ਉਪਰ ਅਤੇ ਸੋਸ਼ਲ ਮੀਡੀਆ ਉਪਰ ਆ ਕੇ ਸੱਚਾਈ ਦੱਸ ਦਿੱਤੀ ਕਿ ਪੈਸੇ ਸੰਗਤਾਂ ਵਲੋਂ ਜਖਮੀਆਂ ਦੀ ਮਦਦ ਲਈ ਚੈਰਟੀ ਵਜੋਂ ਭੇਜੇ ਗਏ ਸਨ ਅਤੇ ਭੇਜੇ ਵੀ ਕੋਟਕਪੂਰਾ ਗੋਲੀ-ਕਾਂਡ ਤੋਂ ਬਾਅਦ ਗਏ ਸਨ।

ਤੀਜੀ ਗੱਲ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਦੇ ਦੱਸਿਆ ਕਿ ਰੁਪਿੰਦਰ ਸਿੰਘ ਉਹਨਾਂ ਦਾ ਸਰਕਲ ਆਗੂ ਹੈ ਅਤੇ ਉਹ ਪਰਿਵਾਰ ਗੁਰਸਿੱਖੀ ਵਿਚ ਪਰਪੱਕ ਹੈ।
ਚੌਥੀ ਗੱਲ ਕਿ ਪਹਿਲਾਂ ਤਾਂ ਪੁਲਿਸ ਨੇ ਆਪ ਹੀ ਬਰਗਾੜੀ ਘਟਨਾ ਲਈ ਦੋਸ਼ੀ ਦੋ ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਸਨ ਜੋ ਕਿ ਸਿਰੋਂ ਮੋਨੇ ਅਤੇ ਕਲੀਨਸ਼ੇਵ ਸਨ ਪਰ ਅਜਿਹੀਆਂ ਕੀ ਸਥਿਤੀਆਂ ਬਣੀਆਂ ਕਿ ਕੁਝ ਦਿਨਾਂ ਬਾਅਦ ਸਾਬਤ-ਸੂਰਤ ਗੁਰਸਿੱਖਾਂ ਨੂੰ ਦੋਸ਼ੀ ਗਰਦਾਨ ਦਿੱਤਾ ਗਿਆ।

ਅਜਿਹਾ ਭਾਰਤ ਵਿਚ ਪਹਿਲੀ ਵਾਰ ਨਹੀਂ ਹੋਇਆ ਕਿ ਜਿਹਨਾਂ ਨਾਲ ਬੇ-ਇੰਨਸਾਫੀ ਹੋਈ ਉਹਨਾਂ ਨੂੰ ਹੀ ਉਸ ਬੇ-ਇੰਨਸਾਫੀ ਲਈ ਤਸ਼ੱਦਦ ਤੇ ਝੂਠੇ ਕੇਸਾਂ ਵਿਚ ਫਸਾਇਆ ਹੋਵੇ ਸਗੋਂ ਜਦੋਂ ਅਸੀ 2006 ਤੋਂ 2008 ਤੱਕ ਵੱਖ-ਵੱਖ ਮੁਸਲਮਾਨਾਂ ਨਾਲ ਸਬੰਧਤ ਥਾਵਾਂ ਉਪਰ ਹੋਏ ਬੰਬ ਧਮਾਕਿਆਂ ਦੇ ਕੇਸਾਂ ਦੀ ਗੱਲ ਕਰੀਏ ਤਾਂ ਵੀ ਅਜਿਹਾ ਹੀ ਸਾਹਮਣੇ ਆਉਂਦਾ ਹੈ।8 ਸਤੰਬਰ 2006 ਨੂੰ ਮਾਲੇਗਾਓ ਵਿਚ ਬੰਬ ਧਮਾਕੇ ਹੋਏ ਜਿਸ ਵਿਚ 37 ਮਰੇ ਅਤੇ 125 ਜਖਮੀ ਹੋਏ, 18 ਫਰਵਰੀ 2007 ਨੂੰ ਸਮਝੌਤਾ ਐਕਸਪ੍ਰੈਸ ਟਰੇਨ ਵਿਚ ਬਲਾਸਟ ਹੋਇਆ ਜਿਸ ਵਿਚ 68 ਮਰੇ ਤੇ 50 ਜਖਮੀ ਹੋਏ, 18 ਮਈ 1007 ਵਿਚ ਹੈਦਰਾਬeਦ ਦੀ ਮੱਕਾ ਮਸਜਿਦ ਵਿਚ ਬਲਾਸਟ ਹੋਇਆ ਜਿਸ ਵਿਚ 16 ਮਰੇ ਤੇ 100 ਜਖਮੀ ਹੋਏ, 11 ਅਕਤੂਬਰ 2007 ਨੂੰ ਅਜ਼ਮੇਰ ਸ਼ਰੀਫ ਦਰਗਾਹ ਵਿਚ ਬੰਬ ਚੱਲਿਆ ਜਿਸ ਵਿਚ 3 ਮਰੇ ਤੇ 17 ਜਖਮੀ ਹੋਏ ਅਤੇ ਇਹਨਾਂ ਕੇਸਾਂ ਵਿਚ ਪਹਿਲਾਂ ਸੈਂਕੜੇ ਮੁਸਲਮਾਨ ਨੌਜਵਾਨਾਂ ਉਪਰ ਤਸ਼ੱਦਦ ਦੇ ਲੰਮੇ ਦੌਰ ਚੱਲੇ ਅਤੇ ਜੇਲ੍ਹਾਂ ਵਿਚ ਧੱਕ ਦਿੱਤੇ ਗਏ ਪਰ ਅੱਤਵਾਦ ਵਿਰੋਧੀ ਦਸਤੇ ਦੀ ਜਿੰਮੇਵਾਰੀ ਜਦੋਂ ਹਿੰਮਤ ਕਰਕਰੇ ਵਰਗੇ ਜਾਂਬਾਂਜ਼ ਅਫਸਰ ਕੋਲ ਆਈ ਤਾਂ ਉਸਨੇ ਇਹਨਾਂ ਧਮਾਕਿਆਂ ਦੇ ਅਸਲ ਦੋਸ਼ੀਆਂ ਕਰਨਲ ਪੁਰੋਹਿਤ, ਪ੍ਰਗਿਆ ਠਾਕੁਰ ਤੇ ਹੋਰਨਾਂ ਬਿਪਰਵਾਦੀ ਅੱਤਵਾਦੀਆਂ ਨੂੰ ਇਹਨਾਂ ਕੇਸਾਂ ਵਿਚ ਨਾਮਜਜ਼ ਕੀਤਾ ਅਤੇ ਐੱਨ.ਆਈ.ਏ ਦੀ ਜਾਂਚ ਵਿਚ ਸਵਾਮੀ ਅਸੀਮਾਨੰਦ ਦਾ ਇਕਬਾਲੀਆ ਬਿਆਨ ਦਰਜ਼ ਕੀਤਾ ਜਿਸ ਵਿਚ ਉਹ ਮੰਨਿਆ ਕਿ ਉਸਨੇ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਦੀ ਸਹਿਮਤੀ ਤੇ ਇਸ਼ਾਰਿਆਂ ਨਾਲ ਇਹ ਬੰਬ ਧਮਾਕੇ ਕੀਤੇ ਸਨ।

ਇਸ ਤੋਂ ਇਲਾਵਾ ਜਨਵਰੀ 2014 ਵਿਚ ਇਕ ਅੰਗਰੇਜ਼ੀ ਅਖਬਾਰ ਨੇ ਨਸ਼ਰ ਕੀਤਾ ਸੀ ਕਿ ਨਰਿੰਦਰ ਮੋਦੀ ਦੀਆਂ ਰੈਲੀਆਂ ਵਿਚ ਸ਼ਾਮਲ ਬੁਰਕੇ ਵਾਲੀਆਂ ਔਰਤਾਂ ਅਸਲ ਵਿਚ ਆਰ.ਐੱਸ.ਐੱਸ ਦੇ ਵਰਕਰ ਦੀ ਹੁੰਦੇ ਹਨ ਅਤੇ ਅਕਤੂਬਰ 2015 ਵਿਚ ਆਜ਼ਮਗੜ੍ਹ ਦੇ ਇਕ ਮੰਦਰ ਵਿਚ ਬੁਰਕਾ ਪਾ ਕੇ ਮੁਸਲਮਾਨ ਔਰਤ ਦਾ ਭੇਖ ਪਾ ਕੇ ਆਰ.ਐੱਸ.ਐੱਸ ਦਾ ਵਰਕਰ ਗਊ ਮਾਸ ਸੁੱਟਦਾ ਫੜਿਆ ਗਿਆ ਸੀ। ਅਤੇ ਅਜਿਹੀਆਂ ਬੇਅੰਤ ਮਿਸਾਲਾਂ ਮਹਾਰਾਂਸਟਰ ਪੁਲਿਸ ਦੇ ਸਾਬਕਾ ਆਈ.ਜੀ ਐੱਸ.ਐੱਮ. ਮੁਸ਼ਰਿਫ ਵਲੋਂ ਲਿਖੀ ਕਿਤਾਬ "ਹੂ ਕਿਲਡ ਕਰਕਰੇ" ਵਿਚ ਮਿਲਦੀਆਂ ਹਨ ਜਿਸ ਵਿਚ ਉਹਨਾਂ ਬ੍ਰਾਹਮਣਵਾਦੀ ਅੱਤਵਾਦ ਦਾ ਅਸਲ ਚਿਹਰਾ ਬੇਨਕਾਬ ਕੀਤਾ ਹੈ ਕਿ ਕਿਵੇ ਭਾਰਤੀ ਏਜੰਸੀਆਂ, ਫੌਜ ਤੇ ਪੁਲਿਸ ਫੋਰਸਾਂ ਵਿਚ ਆਰ.ਐੱਸ.ਐੱਸ ਭਾਰੂ ਹੁੰਦੀ ਜਾ ਰਹੀ ਹੈ ਜਿਸ ਦੇ ਝਲਕਾਰੇ ਹੁਣ ਪੰਜਾਬ ਵਿਚ ਵੀ ਦੇਖਣ ਨੂੰ ਮਿਲਣ ਲੱਗ ਪਏ ਹਨ।
ਬਰਗਾੜੀ ਘਟਨਾਕ੍ਰਮ ਵਿਚ ਪੰਜਾਬ ਪੁਲਿਸ ਵਲੋਂ ਮਨਘੜਤ ਕਹਾਣੀ ਦੀ ਬਿੱਲੀ ਥੈਲੀਓ ਬਾਹਰ ਆ ਚੁੱਕੀ ਹੈ ਤਾਂ ਬਾਕੀ ਜਗ੍ਹਾ ਉਪਰ ਵੀ ਅਜਿਹੀਆਂ ਹੀ ਕਹਾਣੀਆਂ ਉਪਰ ਸ਼ੱਕ ਕਰਨਾ ਲਾਜ਼ਮੀ ਬਣ ਜਾਂਦਾ ਹੈ।ਲੁਧਿਆਣਾ ਦੇ ਪਿੰਡ ਘਵੱਦੀ ਵਿਚ ਹੋਈ ਘਟਨਾ ਲਈ ਦੋਸ਼ੀ ਔਰਤ ਵਲੋਂ ਪੁਲਿਸ ਅੱਗੇ ਕੀਤਾ ਇੰਕਸਾਫ ਕਿਸਨੇ ਸੋਸ਼ਲ ਮੀਡੀਆ ਵਿਚ ਜਾਰੀ ਕੀਤਾ? ਕੀ ਪੁਲਿਸ ਨੂੰ ਪਤਾ ਨਹੀਂ ਕਿ ਅਜਿਹੇ ਕਿਸੇ ਇੰਕਸਾਫ ਨੂੰ ਕਿਸੇ ਨੂੰ ਅਦਾਲਤ ਵਿਚ ਦੋਸ਼ੀ ਸਾਬਤ ਲਈ ਨਹੀਂ ਮੰਨਿਆ ਜਾ ਸਕਦਾ ਬਸ਼ਰਤੇ ਕਿ ਦੋਸ਼ੀ ਨੂੰ ਕਾਨੂੰਨੀ ਸਹਾਇਤਾ ਦਿੱਤੀ ਗਈ ਹੋਵੇ ਅਤੇ ਉਹ ਪੁਲਿਸ ਹਿਰਾਸਤ ਤੋਂ ਜੁਡੀਸ਼ਲ ਹਿਰਾਸਤ ਵਿਚ ਜਾਣ ਤੋਂ ਬਾਅਦ ਮੈਜਿਸਟ੍ਰੇਟ ਸਾਹਮਣੇ ਅਜਿਹਾ ਕੋਈ ਇਕਬਾਲ ਕਰੇ।ਪੰਜਾਬ ਪੁਲਿਸ ਦੀ ਮੰਦਭਾਵਨਾ ਇਸ ਗੱਲ ਵਿਚ ਵੀ ਜ਼ਾਹਰ ਹੁੰਦੀ ਹੈ ਕਿ ਲੁਧਿਆਣਾ ਜਾਂ ਹੋਰ ਥਾਂ ਉਪਰ ਜਦੋਂ ਕਥਿਤ ਦੋਸ਼ੀਆਂ ਨੂੰ ਮੀਡੀਏ ਅੱਗੇ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਉਪਰ ਦੀ ਗਾਤਰੇ ਪਾਏ ਤਾਂ ਜੋ ਸਿੱਖੀ ਸਰੂਪ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਏ ਜਦ ਕਿ ਸਭ ਨੂੰ ਪਤਾ ਹੈ ਕਿ ਆਮ ਕੇਸਾਂ ਵਿਚ ਪੁਲਿਸ ਥਾਣਿਆ ਵਿਚ ਗਾਤਰੇ- ਕਿਰਪਾਨਾਂ ਪਹਿਲਾਂ ਹੀ ਲੁਹਾ ਕੇ ਰੱਖ ਲਏ ਜਾਂਦੇ ਹਨ।ਅਸਲ ਵਿਚ ਪੰਜਾਬ ਪੁਲਿਸ ਵਿਚ ਬਹੁਤੀ ਪੁਲਿਸ ਹੁਣ ਪੁਲਿਸ ਰਹੀ ਹੀ ਨਹੀਂ ਸਗੋਂ ਸਿਆਸੀ ਲੋਕਾਂ ਦੇ ਹੱਥਾਂ ਦੀ ਕਠਪੁਤਲੀਆਂ ਬਣ ਚੁੱਕੀਆਂ ਹਨ ਅਤੇ ਪੁਲਿਸ ਅਫਸਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੀ ਜਿੰਦਗੀ ਨੂੰ ਸੁਖਾਲਾ, ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਿਆਸੀ ਲੋਕਾਂ ਦੇ ਇਸ਼ਾਰਿਆਂ ਉਪਰ ਨੱਚਦੇ ਹਨ।

ਹੁਣ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਬਹਿਬਲ ਕਲਾਂ ਗੋਲੀ ਕਾਂਡ ਦਾ ਵੀ ਪਰਚਾ ਕੱਟ ਦਿੱਤਾ ਗਿਆ ਹੈ ਪਰ ਸਿਤਮਜਰੀਫੀ ਦੀ ਗੱਲ ਹੈ ਕਿ ਪਰਚਾ ਤਾਂ ਦਸੰਬਰ 2009 ਦੇ ਲੁਧਿਆਣਾ ਗੋਲੀ ਕਾਂਡ ਜਿਸ ਵਿਚ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਅਤੇ ਅਨੇਕਾਂ ਜਖਮੀ ਹੋਏ ਸਨ ਅਤੇ 2012 ਦੇ ਗੁਰਦਾਸਪੁਰ ਗੋਲੀ ਕਾਂਡ ਜਿਸ ਵਿਚ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਅਤੇ ਅਨੇਕਾਂ ਜਖਮੀ ਹੋਏ ਸਨ, ਦੇ ਵੀ ਕੱਟੇ ਸਨ ਪਰ ਕੀ ਬਣਿਅ ਉਹਨਾਂ ਪਰਚਿਆਂ ਦਾ, ਸਗੋਂ ਉਲਟਾ ਲੁਧਿਆਣਾ ਗੋਲੀ ਕਾਂਡ ਵਿਚ ਜਖਮੀਆਂ ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਤੇ ਭਾਈ ਗੁਰਜੰਟ ਸਿੰੰਘ ਉਪਰ 2010 ਵਿਚ ਬਾਰੂਦ ਐਕਟ, ਅਸਲਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਕੇਸ ਪਾ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਜੋ ਅਜੇ ਵੀ ਨਾਭਾ ਜੇਲ੍ਹ ਵਿਚ ਬੰਦ ਹਨ ਅਤੇ ਗੁਰਦਾਸਪੁਰ ਗੋਲੀ ਕਾਂਡ ਵਿਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕੇਸ ਦੀ ਪੈਰਵਾਈ ਕਰਨ ਵਾਲੇ ਰਿਸ਼ਤੇਦਾਰ ਨੌਜਵਾਨਾਂ ਨੂੰ 2013 ਵਿਚ ਗੁਰਦਾਸਪੁਰ ਵਿਚ ਅਸਲਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਕੇਸ ਪਾ ਦਿੱਤੇ ਗਏ ਜੋ ਬੇਸ਼ੱਕ ਜਮਾਨਤ ਉਪਰ ਰਿਹਾ ਹਨ ਪਰ ਕੇਸ ਅਜੇ ਵੀ ਚੱਲ ਰਹੇ ਹਨ ਅਤੇ ਹੁਣ ਬਰਗਾੜੀ ਘਟਨਾ ਬਾਬਤ ਗੋਲੀ ਕਾਂਡ ਦੇ ਜਖਮੀ ਭਾਈ ਰੁਪਿੰਦਰ ਸਿੰਘ ਨੂੰ ਸਕੇ ਭਰਾ ਜਸਵਿੰਦਰ ਸਿੰਘ ਸਮੇਤ ਝੂਠੇ ਇਲਜ਼ਾਮ ਲਗਾ ਕੇਸ ਵਿਚ ਫਸਾ ਦਿੱਤਾ ਹੈ। ਅਜੇ ਤਾਂ ਪੰਜਾਬ ਪੁਲਿਸ ਵਲੋਂ ਪਿਛਲੇ ਦਹਾਕਿਆਂ ਵਿਚ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਇੰਨਸਾਫ ਲੈਣਾ ਬਾਕੀ ਹੈ ਪਰ ਇਹ ਤਾਂ ਹੋਰ ਭਾਜੀਆਂ ਚਾੜ ਰਹੇ ਹਨ ਜੋ ਸਮਾਂ ਮਿਲਿਆਂ ਤਾਂ ਪੰਥਕ ਕਚਹਿਰੀ ਰਾਹੀ ਸਿੱਖ ਪੰਥ ਅਵੱਸ਼ ਦੁੱਗਣੀ-ਚੌਗਣੀ ਕਰਕੇ ਮੋੜੇਗਾ।

ਜੇ ਗੱਲ ਬਾਦਲ ਸਰਕਾਰ ਦੀ ਕਰੀਏ ਤਾਂ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਅੱਜ ਤੱਕ ਇਸ ਨੇ ਕਦੇ ਵੀ ਪੰਥ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ ਅਤੇ ਸਦਾ ਦੀ ਦਿੱਲੀ ਤਖ਼ਤ ਦੇ ਇਸ਼ਾਰਿਆਂ ਮੁਤਾਬਕ ਸਿੱਖ ਪੰਥ ਤੇ ਗੁਰੂ ਗ੍ਰੰਥ ਨੂੰ ਪਿੱਠ ਦਿਖਾਈ ਹੈ।ਇਸ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਵੱਡੀ ਲੋੜ ਹੈ।

ਅੰਤ ਵਿਚ ਮੈਂ ਸਿੱਖ ਨੌਜਵਾਨਾਂ ਆਪਣੇ ਵੀਰਾਂ ਦੇ ਚਰਨਾਂ ਵਿਚ ਬੇਨਤੀ ਕਰਨਾ ਚਾਹਾਂਗਾ ਕਿ ਵੀਰਿਓ! ਸਾਰੀ ਸਥਿਤੀ ਨੂੰ ਸਮਝਣ ਤੋਂ ਬਾਅਦ ਗੁਰਬਾਣੀ ਤੇ ਗੁਰ-ਇਤਿਹਾਸ ਦੀ ਰੋਸ਼ਨੀ ਵਿਚ ਪੰਥ ਦੀ ਚੜਦੀ ਕਲਾ ਲਈ ਫੈਸਲੇ ਲੈਣੇ ਹਨ ਨਾ ਕਿ ਸਰਕਾਰ ਵਲੋਂ ਕੀਤੀ ਕਿਸੇ ਕਾਰਵਾਈ ਤੋਂ ਭੜਕਾਹਟ ਵਿਚ ਆ ਕੇ ਕੋਈ ਫੈਸਲਾ ਲੈਣਾ ਹੈ। ਸਾਡੇ ਫੈਸਲੇ ਸਾਡੇ ਆਪਣੇ ਹੋਣੇ ਚਾਹੀਦੇ ਹਨ ਨਾ ਕਿ ਕੋਈ ਦੂਜਾ ਆਪਣੇ ਸਵਾਰਥ ਲਈ ਸਾਨੂੰ ਵਰਤ ਜਾਵੇ।ਬਰਗਾੜੀ ਦੀ ਘਟਨਾ ਤੋਂ ਬਾਅਦ ਸਰਕਾਰ ਵਲੋਂ ਅਨੇਕਾਂ ਯਤਨ ਕੀਤੇ ਗਏ ਹਨ ਕਿ ਸਿੱਖ ਨੌਜਵਾਨ ਭੜਕਾਹਟ ਵਿਚ ਆ ਕੇ ਕੋਈ ਗੈਰ-ਜਰੂਰੀ ਹਿੰਸਾ ਕਰਨ ਤਾਂ ਕਿ ਸਿੱਖ ਨੌਜਵਾਨਾਂ ਉਪਰ ਸਰਕਾਰੀ ਅੱਤਵਾਦ ਦੀ ਹਨੇਰੀ ਝੁਲਾਈ ਜਾ ਸਕੇ ਪਰ ਸਿੱਖਾਂ ਨੇ ਸਰਕਾਰ ਦੀਆਂ ਉਹ ਸਭ ਚਾਲਾਂ ਫੇਲ ਕਰ ਦਿੱਤੀਆਂ ਹਨ ਅਤੇ ਹੁਣ ਇਕ ਨਵਾਂ ਜਾਲਾ ਸੁੱਟਿਆ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਵਿਚੋਂ ਵੀ ਅਸੀਂ ਸਹੀ ਫੈਸਲਾ ਲੈ ਕੇ ਗੁਜ਼ਰ ਗਏ ਤਾਂ ਭਵਿੱਖ ਸਾਡਾ ਹੀ ਹੈ।ਨੀਲੇ ਦਾ ਸ਼ਾਹ ਅਸਵਾਰ ਆਪ ਸਹਾਈ ਹੋਵੇਗਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
98554-01843