Khalsa Press Publication, ISSN: 2469-5432
Sikh News Network®
        World Sikh Organization Calls on India to End Mob Lynchings & Protect Minorities
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ
ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ

1947 ਤੋਂ ਸਿੱਖ ਪੰਥ ਦੇ ਗਲ ਪਈ ਸਿਆਸੀ ਗੁਲਾਮੀ ਦੌਰਾਨ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਉਪਰ ਅਨੇਕਾਂ ਵਾਰ ਹਮਲੇ ਹੋਏ ਅਤੇ ਕਈ ਵਾਰ ਸਿੱਖ ਪੰਥ ਦੀਆਂ ਅਣਗਹਿਲੀਆਂ ਕਾਰਨ ਹਾਦਸੇ ਵੀ ਵਾਪਰੇ। ਇਹ ਹਮਲੇ ਤੇ ਹਾਦਸੇ ਅੱਜ ਵੀ ਜਾਰੀ ਹਨ ਕਿਉਂਕਿ ਸਾਨੂੰ ਕਿਸੇ ਇਕ ਹੋਈ ਘਟਨਾ ਨੂੰ ਇਕੱਲੇ ਰੂਪ ਵਿਚ ਦੇਖਣ ਦੀ ਆਦਤ ਪੈ ਗਈ ਹੈ ਅਤੇ ਅਸੀਂ ਇਸਨੂੰ ਸਮੁੱਚ ਵਿਚ ਸਮਝਣ ਤੇ ਹੱਲ ਕਰਨ ਬਾਰੇ ਚੱਲਣ ਦੇ ਰਾਹ ਪੈਂਦੇ ਨਹੀਂ ਅਤੇ ਜਿੰਨਾ ਚਿਰ ਸਿੱਖ ਪੰਥ ਆਪਣਾ ਨਜ਼ਰੀਆ ਸਿੱਖ ਪੰਥ ਦੀ ਸਿਆਸੀ ਅਜ਼ਾਦੀ ਵਾਲਾ ਨਹੀਂ ਬਣਾ ਲੈਂਦਾ ਉਦੋਂ ਤੱਕ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਜਾਰੀ ਰਹਿਣ ਦਾ ਬੁਨਿਆਦੀ ਲਾਭ ਵੋਟ ਰਾਜਨੀਤੀ ਵਿਚ ਸਰਗਰਮ ਹਰ ਧਿਰ ਨੂੰ ਹੀ ਹੁੰਦਾ ਰਹੇਗਾ।

ਸਿੱਖ ਪੰਥ-ਗੁਰੂ ਗ੍ਰੰਥ:

ਸਾਨੂੰ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਸਿੱਖ ਪੰਥ-ਗੁਰੂ ਗ੍ਰੰਥ ਦਾ ਸਿਧਾਂਤ ਕੀ ਹੈ ਅਤੇ ਅਜਿਹੇ ਸਿਧਾਤਾਂ ਤੋਂ ਕਿਸ ਨੂੰ ਤਕਲੀਫ ਹੋ ਸਕਦੀ ਹੈ? ਸਿੱਖ ਪੰਥ-ਗੁਰੂ ਗ੍ਰੰਥ ਦਾ ਨੁਕਸਾਨ ਕਰਕੇ ਕਿਸਦਾ ਫਾਇਦਾ ਹੋ ਸਕਦਾ ਹੈ? ਸਿੱਖ ਪੰਥ-ਗੁਰੂ ਗ੍ਰੰਥ ਦੇ ਮੁੱਢਲੇ ਸਿਧਾਂਤ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”, “ਏਕੁ ਪਿਤਾ ਏਕਸ ਕੇ ਹਮ ਬਾਰਿਕ” ਜਾਂ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ” ਕਹਿਣ ਨਾਲ ਨੁਕਸਾਨ ਕਿਸਨੂੰ ਹੁੰਦਾ ਹੈ?
ਸਿੱਖ ਪੰਥ ਉਹਨਾਂ ਸਿੱਖਾਂ ਦਾ ਸਮੂਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਤੇ ਮੁਕਤੀ-ਦਾਤਾ ਮੰਨਦੇ ਹੋਏ ਇਹਨਾਂ ਦੇ ਸਿਧਾਤਾਂ ਉਪਰ ਚੱਲਦੇ ਹੋਏ ਆਪਣਾ ਜੀਵਨ ਨਿਰਬਾਹ ਕਰਦੇ ਹਨ। ਨਾਲ ਹੀ ਸਿੱਖ ਪੰਥ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਦੁਨੀਆ ਵਿਚ ਲਾਗੂ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਵੇ।ਅੱਜ ਸਮੁੱਚੀ ਲੋਕਾਈ ਅਸ਼ਾਂਤੀ ਵਿਚ ਤ੍ਰਾਹ-ਤ੍ਰਾਹ ਕਰ ਰਹੀ ਹੈ ਅਤੇ ਇਸ ਮਾਨਸਿਕ ਤੇ ਸਰੀਰਕ ਗੁਲਾਮੀ ਦੇ ਸਮੇਂ ਵਿਚ ਕੇਵਲ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੀ ਜਗਤ ਜਲੰਦੇ ਨੂੰ ਰੱਖ ਲੈਣ ਦੀ ਸਮੱਰਥਾ ਰੱਖਦੀ ਹੈ।ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਅਕਾਲ ਪੁਰਖ ਨੂੰ ਜਦੋਂ ਭਾਇਆ ਤਾਂ ਇਸ ਧਰਤੀ ਉਪਰ ਸਿੱਖ ਪੰਥ-ਗੁਰੂ ਗ੍ਰੰਥ ਦਾ ਸਿਆਸੀ ਰਾਜ ਸਥਾਪਤ ਹੋਣ ਤੋਂ ਬਾਅਦ ਲੋਕਾਈ ਨੂੰ ਉਸਦੀ ਰੋਸ਼ਨੀ ਨਾਲ ਠੰਢ ਜਰੂਰ ਪਵੇਗੀ।

ਬਿਪਰਵਾਦੀ ਸੋਚ:

ਤਾਂ ਫਿਰ ਕੌਣ ਹਨ ਉਹ ਲੋਕ ਜਿਹਨਾਂ ਨੂੰ ਸਰਬੱਤ ਦੇ ਭਲੇ ਦੀ ਸੋਚ ਤੇ ਮਨੁੱਖਤਾ ਦੀ ਬਰਾਬਰੀ ਤੋਂ ਤਕਲੀਫ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਸਮਾਜ ਵਿਚ ਬਰਾਬਰਤਾ ਤੇ ਭਾਈਚਾਰੇ ਦਾ ਮਾਹੌਲ ਬਣੇ? ਬਿਨਾਂ ਸ਼ੱਕ ਇਹ ਤਾਂ ਉਹੀ ਲੋਕ ਹੋ ਸਕਦੇ ਹਨ ਜੋ ਆਪਣੇ ਆਪ ਨੂੰ ਮੰਨੂ, ਪੁਰੋਹਿਤ ਹਰਦਿਆਲ, ਚੰਦੂ, ਗੰਗੂ, ਸੁੱਚਾ ਨੰਦ, ਲਖਪਤ ਰਾਏ, ਜਸਪਤ ਰਾਏ, ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ, ਲਾਲਾ ਪਰਮਾਨੰਦ, ਸਰਦਾਰ ਪਟੇਲ, ਦਯਾਨੰਦ ਸਰਸਵਤੀ, ਹਰਬੰਸ ਲਾਲ ਖੰਨਾ, ਪਵਨ ਕੁਮਾਰ ਪਟਿਆਲਾ, ਲਾਲਾ ਜਗਤ ਨਾਰਾਇਣ, ਇੰਦਰਾ ਗਾਂਧੀ ਤੇ ਜਨਰਲ ਵੈਦਿਆ ਦੇ ਵਾਰਸ ਮੰਨਦੇ ਹੋਣ। ਜਿਹਨਾਂ ਨੇ ਸਦਾ ਚਾਹਿਆ ਹੈ ਕਿ ਗੁਰੂਆਂ ਦੀ ਅਜਾਦੀ, ਬਰਾਬਰਤਾ ਤੇ ਭਾਈਚਾਰੇ ਵਾਲੀ ਸੋਚ ਅਤੇ ਉਸ ਸੋਚ ਵਿਚੋਂ ਨਿਕਲਣ ਵਾਲੇ ਸਿਆਸੀ, ਸਮਾਜਕ ਜਾਂ ਅਰਥਕ ਢਾਂਚਿਆਂ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਅਤੇ ਸਮਾਜ ਨੂੰ ਹਮੇਸ਼ਾਂ ਜਾਤਾਂ-ਗੋਤਾਂ-ਵਰਣਾਂ ਵਿਚ ਵੰਡ ਕੇ ਆਪਣਾ ਹਲਵਾ-ਮਾਂਡਾ ਚਾਲੂ ਰੱਖਿਆ ਜਾਵੇ।ਇੱਥੋਂ ਤਕ ਕਿ ਸਮਾਜ ਦਾ ਵੱਡਾ ਹਿੱਸਾ ਇਹਨਾਂ ਦੀ ਸੇਵਾ ਵਿਚ ਰਹੇ ਅਤੇ ਇਹ ਹਿੱਸਾ ਅਧਿਆਤਮਕ ਗਿਆਨ ਤਾਂ ਇਕ ਪਾਸੇ ਰਿਹਾ ਸਗੋਂ ਦੁਨਿਆਵੀਂ ਵਿੱਦਿਆ ਤੋਂ ਵੀ ਵਾਂਝਾ ਰਹੇ ਅਤੇ ਜੇਕਰ ਇਸ ਹਿੱਸੇ ਦੇ ਕਿਸੇ ਵਿਅਕਤੀ ਦੇ ਕੰਨਾਂ ਵਿਚ ਗਿਆਨ ਦੀ ਗੱਲ ਚਲੀ ਜਾਵੇ ਤਾਂ ਉਹਨਾਂ ਗੁਸਤਾਖ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਕੇ ਸਜ਼ਾ ਦਿੱਤੀ ਜਾਵੇ।ਕੀ ਅਜਿਹੀ ਸੋਚ ਦੇ ਮਾਲਕਾਂ ਨੂੰ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਚੰਗੀ ਲੱਗ ਸਕਦੀ ਹੈ? ਕੀ ਉਹ ਚਾਹੁੰਣਗੇ ਕਿ ਦੁਨੀਆਂ ਵਿਚ ਮਨੁੱਖਤਾ ਪੱਖੀ ਸੋਚ ਦਾ ਪਸਾਰਾ ਹੋਵੇ।ਹੁਣ ਤਾਂ ਅਜਿਹੀ ਸੋਚ ਵਾਲਿਆਂ ਦਾ ਸਿੱਧੇ ਰੂਪ ਵਿਚ ਰਾਜ ਵੀ ਦਿੱਲੀ ਉਪਰ ਹੋ ਚੁੱਕਾ ਹੈ। ਉਹੀ ਦਿੱਲੀ ਜਿਸ ਨੇ ਕਦੇ ਇਹਨਾਂ ਦੇ ਧਾਰਮਿਕ ਚਿੰਨਾਂ ਨੂੰ ਉਤਾਰ ਕਰਕੇ ਢੇਰ ਲਗਾ ਦਿੱਤੇ ਸਨ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦਾ ਮੁੱਲ ਟਕਾ-ਟਕਾ ਪਾਇਆ ਸੀ ਤੇ ਇਸੇ ਸਿੱਖ ਪੰਥ-ਗੁਰੂ ਗ੍ਰੰਥ ਸਾਹਿਬ ਜੀ ਦੀ ਸੁੱਚੀ ਸੋਚ ਵਾਲਿਆਂ ਨੇ ਆਪਣੇ ਆਪੇ ਵਾਰ ਕੇ ਇਹਨਾਂ ਦੀ ਪੱਤ ਰੱਖੀ ਸੀ ਪਰ ਇਹ ਅਕ੍ਰਿਤਘਣ ਲੋਕ ਉਹ ਸਭ ਕੁਝ ਵਿਸਾਰ ਕੇ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਦੂਜੇ ਮਤਾਂ ਨੂੰ ਅੱਖਾਂ ਦਿਖਾ ਰਹੇ ਹਨ ਅਤੇ ਕਦੇ ‘ਘਰ-ਵਾਪਸੀ’, ‘ਲਵ-ਜੇਹਾਦ’ ਜਾਂ ‘ਗਊ ਰੱਖਿਆ’ ਦੇ ਨਾਮ ਉਪਰ ਨਾਹਰੇ ਲਗਾ ਕੇ ਲੋਕਾਂ ਵਿਚ ਦਹਿਸ਼ਤ ਪਾਉਂਦੇ ਹਨ ਅਤੇ ਕਦੇ ਕਹਿੰਦੇ ਹਨ ਕਿ ਦਿੱਲੀ ਤਖ਼ਤ ਪਰ 1000 ਸਾਲ ਬਾਅਦ ਸਾਡਾ ਰਾਜ ਸਥਾਪਤ ਹੋ ਗਿਆ ਹੈ ਅਤੇ ਜੋ ਵੀ ਇਸ ਰਾਜ ਵਿਚ ਰਹਿਣਾ ਚਾਹੁੰਦਾ ਹੈ ਤਾਂ ਉਹ ਸਾਡੇ ਮੁਤਾਬਕ ਰਹੇ ਨਹੀਂ ਤਾਂ ਇੱਥੋਂ ਚਲਾ ਜਾਵੇ।ਇਹ ਕਦੇ ਮੁਜੱਫਰਾਬਾਦ ਵਿਚ ਦੰਗੇ ਕਰਾਉਂਦੇ ਹਨ ਅਤੇ ਕਦੇ ਦਾਦਰੀ ਵਰਗੇ ਘਿਣਾਉਂਣੇ ਕਾਂਡ ਕਰਕੇ ਉਸ ਉਪਰ ਮਾਣ ਕਰਦੇ ਹਨ।ਅਜਿਹੀ ਸੋਚ ਵਾਲਿਆਂ ਨੇ ਆਪਣੀਆਂ ਪਰੰਪਰਾਵਾਂ ਮੁਤਾਬਕ ਇਕ ਘੋੜਾ ਵੀ ਦੁਨੀਆਂ ਵਿਚ ਛੱਡਿਆ ਹੋਇਆ ਹੈ ਜਿਸਦੇ ਦੁਨੀਆਂ ਭਰਮਣ ਤੋਂ ਬਾਅਦ ਇਹ ਦੁਨੀਆਂ ਵਿਚ ਹਿੰਦੂ ਰਾਜ ਦਾ ਐਲਾਨ ਵੀ ਕਰ ਸਕਦੇ ਹਨ ਕਿਉਂਕਿ ਉਹ ਘੋੜਾ ਕਿਸੇ ਨੇ ਅਜੇ ਫੜਿਆ ਨਹੀਂ ਭਾਵੇਂ ਕਿ ਸਿੱਖ ਪੰਥ-ਗੁਰੂ ਗ੍ਰੰਥ ਦੀ ਸੋਚ ਵਾਲਿਆਂ ਨੇ ਉਸਦਾ ਕਈ ਥਾਂ ਰਾਹ ਜਰੂਰ ਰੋਕਿਆ ਹੈ।ਇਹਨਾਂ ਦੇ ਰਾਜ ਸਥਾਪਤ ਹੋਣ ਤੋਂ ਬਾਅਦ ਭਾਰਤ ਭਰ ਵਿਚ ਫਿਰਕੂ ਤਣਾਅ ਤੇ ਫਿਰਕੂ ਦੰਗੇ ਵਧੇ ਹੀ ਹਨ ਕਿਉਂਕਿ ਇਹਨਾਂ ਦਾ ਰਾਜ ਦਾ ਗੁਜਰਾਤ ਮਾਡਲ ਵਕਤੀ ਤੌਰ ‘ਤੇ ਸਫਲ ਸਾਬਤ ਹੋਣ ਕਾਰਨ ਇਹ ਸਾਰੇ ਰਾਜਾਂ ਵਿਚ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ ਇਸ ਕੰਮ ਵਿਚ ਇਹਨਾਂ ਦੀਆਂ ਸੈਂਕੜੇ ਜਥੇਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਇਹ ਆਪਣੀ ਵਿਚਾਰਧਾਰਾ ਨੂੰ ਸਹੀ ਸਿੱਧ ਕਰਨ ਲਈ ਆਪਣਾ ਇਕ ਨਵਾਂ ਗ੍ਰੰਥ ਵੀ ਤਿਆਰ ਕਰਨ ਲੱਗੇ ਹੋਏ ਹਨ।ਇਹਨਾਂ ਲੋਕਾਂ ਨੇ ਗੁਜਰਾਤ ਤੋਂ ਬਾਅਦ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਜੰਮੂ ਕਸ਼ਮੀਰ, ਕਰਨਾਟਕਾ ਤੋਂ ਬਾਅਦ ਹੁਣ ਪੰਜਾਬ ਵੱਲ ਮੂੰਹ ਕਰ ਲਿਆ ਹੈ ਅਤੇ ਸਮਝ ਕੇ ਚੱਲੋ ਕਿ ਦਸੰਬਰ 2015/ਜਨਵਰੀ 2016, ਗੱਲ ਕਿ ਬਿਹਾਰ ਚੋਣਾਂ ਤੋਂ ਬਾਅਦ ਪੰਜਾਬ ਇਹਨਾਂ ਦੇ ਸਿੱਧੇ ਐਕਸ਼ਨ ਅਧੀਨ ਆ ਜਾਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ:

ਕਿਸੇ ਸਿੱਖ ਲਈ ਕਿਸੇ ਆਪਣੇ ਦੀ ਮੌਤ ਤਾਂ ਸਹਾਰਨਯੋਗ ਹੋ ਸਕਦੀ ਹੈ ਪਰ ਗੁਰੂ ਦੀ ਬੇਅਦਬੀ ਕਦੇ ਵੀ ਨਹੀਂ। ਇਹ ਗੱਲ ਸਭ ਸਿੱਖ ਤਾਂ ਜਾਣਦੇ ਹੀ ਹਨ ਪਰ ਨਾਲ ਹੀ ਇਸ ਸੋਚ ਦੇ ਵਿਰੋਧੀ ਵੀ ਜਾਣਦੇ ਹਨ ਅਤੇ ਕਈ ਵਾਰ ਉਹ ਅਜਿਹੀਆਂ ਘਟਨਾਵਾਂ ਨੂੰ ਸਰ-ਅੰਜ਼ਾਮ ਦਿੰਦੇ ਹਨ ਕਿ ਸਿੱਖ ਭੜਕ ਜਾਣ ਤੇ ਉਸ ਭੜਕਾਹਟ ਦਾ ਕਿਸੇ ਨੂੰ ਫਾਇਦਾ ਜਾਂ ਨੁਕਸਾਨ ਜਰੂਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੇਵਲ ਉਹਨਾਂ ਦੇ ਸਰੂਪ ਨਾਲ ਛੇੜ-ਛਾੜ ਕਰਨੀ ਜਾਂ ਅੱਗ ਲਾਉਂਣੀ ਹੀ ਨਹੀਂ ਹੈ ਸਗੋਂ ਜਦੋਂ ਕਿਸੇ ਸਿੱਖ ਜਾਂ ਕਿਸੇ ਪ੍ਰਬੰਧਕੀ ਕਮੇਟੀ ਦੀ ਅਣਗਹਿਲੀ ਕਾਰਨ ਕੋਈ ਹਾਦਸਾ ਵਾਪਰ ਜਾਵੇ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਹੈ ਅਤੇ ਇਸ ਤੋਂ ਅੱਗੇ ਜਾ ਕੇ ਜੇਕਰ ਸੋਚੀਏ ਤਾਂ ਜੇਕਰ ਕੋਈ ਸਿੱਖ ਗੁਰੂ ਜੀ ਦਾ ਹੁਕਮ ਨਾ ਮੰਨੇ ਤਾਂ ਉਹ ਵੀ ਗੁਰੂ ਜੀ ਦੀ ਬੇਅਦਬੀ ਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਇਹ ਘਟਨਾਵਾਂ ਨਵੀਆਂ ਨਹੀਂ ਹਨ ਇਹ ਲਗਾਤਾਰ ਹੁੰਦੀਆਂ ਹਨ ਕਦੇ ਸਾਡੀ ਅਣਗਹਿਲੀ, ਲਾਪਰਵਾਹੀ ਜਾਂ ਕਮਜ਼ੋਰੀ ਕਾਰਨ ਅਤੇ ਕਦੇ ਸਾਡੇ ਸਿਧਾਂਤ ਤੋਂ ਥਿੜਕਣ ਕਾਰਨ।ਗੁਰੂ ਸਾਹਿਬ ਜੀ ਦੇ ਜਿਆਦਾ ਸਰੂਪਾਂ ਦੀ ਬੇਅਦਬੀ ਗੁਰੂ-ਘਰਾਂ ਵਿਚ ਬਿਜਲੀ ਦੇ ਸ਼ਾਟ-ਸਰਕਟ ਕਾਰਨ ਹੁੰਦੀ ਹੈ, ਕਦੇ ਕੋਈ ਗੁਰੂ ਸਾਹਿਬ ਦੇ ਸਰੂਪ ਨੂੰ ਖੂਹ ਵਿਚ ਸੁੱਟਦਾ ਹੈ, ਕਦੇ ਕੋਈ ਚੁੱਕ ਕੇ ਲੈ ਜਾਂਦਾ ਹੈ, ਕੋਈ ਅੰਗ-ਅੰਗ ਪਾੜਦਾ ਹੈ ਜਾਂ ਕੋਈ ਅੱਗ ਲਾ ਦਿੰਦਾ ਹੈ, ਇਹ ਸਭ ਬੇਅਦਬੀਆਂ ਹਨ ਅਤੇ ਸਾਨੂੰ ਇਹਨਾਂ ਖਿਲਾਫ ਡਟ ਕੇ ਖਲੋਣਾ ਚਾਹੀਦਾ ਹੈ ਪਰ ਇਹਨਾਂ ਸਭ ਨਾਲ ਗੁਰੂ ਜੀ ਦੇ ਸਿਧਾਂਤ ਨੂੰ ਕੋਈ ਰੱਤੀ ਭਰ ਵੀ ਸੱਟ ਨਹੀਂ ਵੱਜਦੀ ਸਗੋਂ ਸਿੱਖ ਹਿਰਦੇ ਵਲੂੰਧਰੇ ਜਾਣ ਕਰਕੇ ਆਪਣੇ ਗੁਰੂ ਪ੍ਰਤੀ ਸੁਚੇਤ ਅਤੇ ਸਿਧਾਂਤ ਪ੍ਰਤੀ ਉਸੇ ਤਰ੍ਹਾਂ ਹੋਰ ਦ੍ਰਿੜ ਹੀ ਹੁੰਦੇ ਹਨ ਜਿਵੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਸਮੇਂ ਹੋਏ ਸਨ। ਇਸਦੇ ਨਾਲ ਹੀ ਜਦੋਂ ਕਿਸੇ ਦੁਸ਼ਟ ਅਤੇ ਮਨੁੱਖਤਾ ਦੇ ਕਾਤਲ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਿਰੋਪਾਓ ਬਖਸ਼ ਦਿੱਤਾ ਜਾਂਦਾ ਹੈ ਜਾਂ ਕਿਸੇ ਕਾਤਲ-ਬਲਾਤਕਾਰੀ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮੁਆਫੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ ਉੱਥੇ ਗੁਰੂ ਸਿਧਾਂਤ ਨੂੰ ਭਾਰੀ ਠੇਸ ਵੀ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਰੂਪ ਵਿਚ ਅਦਬ ਕਾਇਮ ਰੱਖਣ ਲਈ ਕਈ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ ਜਿਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਜਿਹੇ ਕਾਗਜ਼ ਉਪਰ ਕੀਤੀ ਜਾਵੇ ਜੋ ਨਾ ਪਾੜਿਆ ਜਾ ਸਕੇ ਅਤੇ ਨਾ ਸਾੜਿਆ ਜਾ ਸਕੇ ਅਤੇ ਇੱਥੋਂ ਤੱਕ ਉਸ ਉਪਰ ਕਿਸੇ ਤਰਲ ਪਦਾਰਥ ਪਾਣੀ, ਸਿਆਹੀ ਆਦਿ ਵੀ ਅਸਰ ਨਾ ਕਰ ਸਕੇ। ਦੂਜਾ, ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸਰੂਪ ਨੂੰ ਛਪਾਈ ਸਮੇਂ ਹੀ ਅਣਦਿਸਦੇ ਤੇ ਗੁਪਤ ਰੂਪ ਵਿਚ ਕੋਈ ਖਾਸ ਨਿਸ਼ਾਨੀ ਜਾਂ ਨੰਬਰ ਲਗਾਇਆ ਜਾਵੇ ਜਿਸ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਲੈ ਜਾਣ ਵਾਲਿਆਂ ਦਾ ਸਾਰਾ ਰਿਕਾਰਡ ਰੱਖਿਆ ਜਾਵੇ ਅਤੇ ਕਿਸੇ ਸਰੂਪ ਪ੍ਰਤੀ ਕਿਸੇ ਦੀ ਜਿੰਮੇਵਾਰੀ ਆਇਦ ਕੀਤੀ ਜਾ ਸਕੇ ਅਤੇ ਨਾਲ ਹੀ ਹਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦਿੱਤਾ ਜਾਵੇ, ਪੂਰੀ ਘੋਖ ਕਰਨ ਉਪਰੰਤ ਤੇ ਲੋੜ ਮੁਤਾਬਕ ਹੀ ਸਰੂਪ ਦਿੱਤਾ ਜਾਵੇ।ਸਭ ਤੋਂ ਮਹੱਤਵਪੂਰਨ ਗੱਲ ਕਿ ਪਿੰਡਾਂ-ਸ਼ਹਿਰਾਂ ਵਿਚੋਂ ਜਾਤਾਂ ਆਧਾਰਤ ਗੁਰੂ-ਘਰ ਬੰਦ ਕਰਕੇ ਇਕ ਹੀ ਗੁਰੂ-ਘਰ ਦੀ ਸਥਾਪਤੀ ਵੱਲ ਨੂੰ ਵਧਣ ਦੇ ਪ੍ਰੋਗਰਾਮ ਉਲੀਕੇ ਜਾਣ। ਗੁਰੂ-ਘਰਾਂ ਵਿਚ ਸੇਵਾਦਾਰਾਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਤੇ ਪਾਠੀ ਸਿੰਘਾਂ ਦੇ ਚੰਗੇ ਸੇਵਾਫਲ ਨਿਯਤ ਕੀਤੇ ਜਾਣ ਤਾਂ ਜੋ ਉਹ ਗੁਰੂ ਘਰਾਂ ਵਿਚ ਪੂਰਾ ਸਮਾਂ ਸੇਵਾ ਵਿਚ ਹਾਜ਼ਰ ਰਹਿਣ।ਆਧੁਨਿਕਤਾ ਦਾ ਫਾਇਦਾ ਲੈਂਦਿਆਂ ਨਿਗਰਾਨੀ ਲਈ ਸੀ.ਸੀ.ਟੀ.ਵੀ ਕੈਮਰੇ ਜਰੂਰ ਲਗਾਏ ਜਾਣ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਅਦਬ ਦੀ ਕਾਇਮੀ ਦੇ ਨਾਲ-ਨਾਲ ਸਿਧਾਂਤ ਦਾ ਅਦਬ ਕਾਇਮ ਰੱਖਣਾ ਵੀ ਅਤੀ ਜਰੂਰੀ ਹੈ। ਹਰ ਸਿੱਖ ਇਕ ਅਕਾਲ ਪੁਰਖ ਪਰਮਾਤਮਾ ਵਿਚ ਹੀ ਯਕੀਨ ਰੱਖਦਾ ਹੋਇਆ “ਕਿਰਤ ਕਰੋ-ਨਾਮ ਜਪੋ-ਵੰਡ ਛਕੋ” ਦੇ ਮੁੱਢਲੇ ਸਿਧਾਂਤ ਨੂੰ ਆਪਣੀ ਜਿੰਦਗੀ ਬਸਰ ਕਰਨ ਦਾ ਆਧਾਰ ਬਣਾਵੇ ਅਤੇ ਸਰਬੱਤ ਦੇ ਭਲੇ ਲਈ ਸੱਚ ਪ੍ਰਤੀ ਤੱਤਪਰਤਾ ਰੱਖਦਾ ਹੁੰਦਾ ਹੋਇਆ ਸੱਚ ਲਈ ਦ੍ਰਿੜ ਹੋਣ ਵੱਲ ਨੂੰ ਵਧੇਅਤੇ ਇਸ ਤੋਂ ਅੱਗੇ ਦੁਨੀਆਂ ਵਿਚੋਂ ਸਰੀਰਕ ਤੇ ਮਾਨਸਕ ਗੁਲਾਮੀ ਦੇ ਖਾਤਮੇ ਲਈ ਯਤਨਸ਼ੀਲ਼ ਰਹੇ।

ਸਿੱਖ ਆਚਰਣ ਦੇ ਝਲਕਾਰੇ:

ਭਾਰਤੀ ਮੀਡੀਏ ਨੇ ਹਮੇਸ਼ਾ ਸਿੱਖਾਂ ਨੂੰ ਨਾਕਾਰਾਤਮਕ ਤਰੀਕੇ ਨਾਲ ਹੀ ਪੇਸ਼ ਕੀਤਾ ਹੈ ਅਤੇ ਉੱਚ ਸਿੱਖ ਆਚਰਣ ਦੇ ਝਲਕਾਰਿਆਂ ਦੀ ਪੇਸ਼ਕਾਰੀ ਤੋਂ ਹਮੇਸ਼ਾ ਟਾਲਾ ਵੱਟੀ ਰੱਖਿਆ ਹੈ ਪਰ ਸੋਸ਼ਲ ਮੀਡੀਏ ਦੇ ਕਾਰਨ ਸਿੱਖ ਆਚਰਨ ਦੇ ਝਲਕਾਰੇ ਮਨ ਨੂੰ ਵੈਰਾਗਮਈ ਕਰ ਗਏ। ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਉਪਜੇ ਹਲਾਤਾਂ ਵਿਚ ਸਿੱਖ ਬਿਨਾਂ ਸ਼ੱਕ ਸੁਭਾਵਿਕ ਰੂਪ ਵਿਚ ਜਜਬਾਤੀ ਹੋ ਕੇ ਸੜ੍ਹਕਾਂ ਉਪਰ ਉੱਤਰ ਆਏ ਅਤੇ ਇਸ ਸਾਰੇ ਕਾਸੇ ਦੀ ਕਮਾਨ ਭਾਵੇਂ ਕਿਸੇ ਦਿਸਦੇ ਹੱਥਾਂ ਵਿਚ ਨਹੀਂ ਸੀ ਪਰ ਅਸਲ ਵਿਚ ਇਸ ਦੀ ਕਮਾਨ ਸਿੱਖ ਪੰਥ ਦੀ ਉਹ ਸਪਿਰਟ ਕਰ ਰਹੀ ਸੀ ਜਿਸਦੀ ਲਿਵ ਧੁਰ ਅੰਦਰ ਤੱਕ ਗੁਰੂ-ਪਿਆਰ ਨਾਲ ਜੁੜੀ ਹੋਈ ਹੈ।ਇਹ ਪੰਥ ਦੀ ਸਪਰਿਟ ਹੀ ਸੀ ਜਿਸ ਦੇ ਝਲਕਾਰੇ ਦੇਖਣ ਤੋਂ ਬਾਅਦ ਅਕਾਲ ਤਖਤ ਸਾਹਿਬ ਉਪਰ ਕਾਬਜਾਂ ਵਲੋਂ ਗਲਤ ਤਰੀਕੇ ਨਾਲ ਪੰਥਕ ਭਾਵਨਾਵਾਂ ਨੂੰ ਅਣਦੇਖਿਆ ਕਰਕੇ ਜਾਰੀ ਕੀਤੇ ਮੁਆਫੀਨਾਮੇ ਰੱਦ ਕਰਨੇ ਪਏ ਅਤੇ ਸਰਕਾਰ ਨੇ ਸਿੱਖਾਂ ਉਪਰ ਦਰਜ਼ ਕੇਸਾਂ ਨੂੰ ਤੁਰੰਤ ਵਾਪਸ ਲੈਣ ਦਾ ਐਲਾਨ ਕੀਤਾ। ਇਸ ਸੰਘਰਸ਼ ਵਿਚ ਪੁਲਿਸ ਵਲੋਂ ਡਾਂਗਾਂ ਮਾਰਨ ਤੋਂ ਪਹਿਲਾਂ ਲੰਗਰ ਸਮੇਂ ਪੁਲਿਸ ਨੂੰ ਪਿਆਰ ਨਾਲ ਬਿਠਾ ਕੇ ਲੰਗਰ ਛਕਾਉਂਣਾ ਤੇ ਜਦੋਂ ਪੁਲਿਸ ਤਸ਼ੱਦਦ ਕਰਕੇ ਸਿੰਘਾਂ ਨੂੰ ਥਾਣੇ ਲੈ ਗਈ ਤਾਂ ਹੋਰਨਾਂ ਸੰਗਤਾਂ ਵਲੋਂ ਸਿੰਘਾਂ ਲਈ ਜਦੋਂ ਥਾਣੇ ਵਿਚ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਤਾਂ ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਵੀ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਣ ਨਾਲ ਸਿੱਧ ਹੋ ਗਿਆ ਕਿ ਸਿੱਖ ਦਾ ਕਿਸੇ ਨਾਲ ਕੋਈ ਵੈਰ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਘਨੱਈਏ ਦੇ ਵਾਰਸ ਅੱਜ ਵੀ ਦਰਸ਼ਨ ਦੇ ਜਾਂਦੇ ਹਨ ਅਤੇ ਲੰਗਰ ਦੀ ਮਹਾਨ ਪਰੰਪਰਾ ਤੋਂ ਵੀ ਹਰ ਕੋਈ ਬਲਿਹਾਰੀ ਜਾਂਦਾ ਹੈ।ਇਸ ਤੋਂ ਇਲਾਵਾ ਵੀ ਸਿੱਖਾਂ ਵਲੋਂ ਜਿੱਥੇ ਵੀ ਧਰਨਾ ਜਾਂ ਮੁਜ਼ਾਹਰਾ ਕੀਤਾ ਗਿਆ ਉੱਥੇ ਸੰਗਤਾਂ ਵਲੋਂ ਤਿਆਰ ਕੀਤੇ ਲੰਗਰ ਸਭ ਨੇ ਸੰਗਤਾਂ ਨੇ, ਪੁਲਿਸ ਨੇ ਅਤੇ ਆਮ ਲੋਕਾਂ ਨੇ ਵੀ ਰਲ ਕੇ ਛਕੇ।ਇਕ ਹੋਰ ਗੱਲ ਕਿ ਕਿਸੇ ਝੜਪ ਦੌਰਾਨ ਹਮੇਸ਼ਾ ਇਹ ਹੁੰਦਾ ਹੈ ਕਿ ਜੇਕਰ ਇਕ ਧਿਰ ਦਾ ਕੋਈ ਵਿਅਕਤੀ ਦੂਜੀ ਧਿਰ ਦੇ ਕਈ ਵਿਅਕਤੀਆਂ ਦੇ ਕਾਬੂ ਆ ਜਾਵੇ ਤਾਂ ਉਸਦੇ ਡਾਂਗ ਜਿਆਦਾ ਵਰ ਜਾਂਦੀ ਹੈ ਪਰ ਇਸ ਸੰਘਰਸ਼ ਦੌਰਾਨ ਜਦੋਂ ਇਕ ਜਗ੍ਹਾ ਪੁਲਿਸ ਦੀ ਸਿੱਖਾਂ ਨਾਲ ਝੜਪ ਹੋ ਗਈ ਤਾਂ ਸਿੱਖ ਨੌਜਵਾਨਾਂ ਨੇ ਇਕੱਲੇ ਕਾਬੂ ਆਏ ਨਿਹੱਥੇ ਬਜ਼ੁਰਗ ਪੁਲਿਸ ਅਫਸਰ ਨੂੰ ਬਚਾ ਕੇ ਸਿੱਧ ਕਰ ਦਿੱਤਾ ਕਿ ਸਿੱਖ ਆਚਰਣ ਆਪਣੇ ਉਪਰ ਪਈ ਭੀੜ ਦੇ ਬਾਵਜੂਦ ਵੀ ਡੋਲਦਾ ਨਹੀਂ।ਮੇਰੀ ਬਿਨਾਂ ਵਜਾਹ ਗੈਰ-ਜਰੂਰੀ ਜਜਬਾਤਾਂ ਦੇ ਵਹਿਣ ਵਿਚ ਵਹਿ ਕੇ ਡਾਂਗਾਂ-ਕਿਰਪਾਨਾਂ ਲਹਿਰਾਉਂਣ ਵਾਲੇ ਨੌਜਵਾਨਾਂ ਦੇ ਚਰਨਾਂ ਵਿਚ ਵੀ ਬੇਨਤੀ ਹੈ ਕਿ ਡਾਂਗ ਜਾਂ ਕਿਰਪਾਨ ਦੁਸ਼ਟ ਨੂੰ ਸੋਧਣ ਸਮੇਂ ਹੀ ਲਹਿਰਾਓ, ਜੇ ਨਹੀਂ ਸੋਧ ਸਕਦੇ ਤਾਂ ਇਸਨੂੰ ਸਾਂਭ ਕੇ ਰੱਖੋ, ਬਿਨਾਂ ਵਜਾਹ ਸਿੱਖਾਂ ਦੇ ਅਕਸ ਨੂੰ ਬਦਨਾਮ ਕਰਨ ਦਾ ਇਕ ਵੀ ਮੌਕਾ ਦੋਖੀਆਂ ਨੂੰ ਨਾ ਦਿਓ।। ਇਤਿਹਾਸ ਗਵਾਹ ਹੈ ਕਿ ਜੂਨ 1984 ਜਾਂ ਨਵੰਬਰ 1984 ਜਾਂ ਉਸ ਤੋਂ ਬਾਅਦ ਕਦੇ ਵੀ ਸਿਖਾਂ ਨੇ ਕਿਸੇ ਇਕ ਵਰਗ ਪ੍ਰਤੀ ਕੋਈ ਨਫਰਤੀ ਹਿੰਸਾ ਦਾ ਪੱਲਾ ਨਹੀਂ ਫੜਿਆ, ਹਾਂ ਪੰਥ ਦੋਖੀਆਂ ਤੇ ਦੁਸ਼ਟਾਂ ਨੂੰ ਸੋਧਣ ਵਿਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ ਭਾਵੇਂ ਉਹ ਅਨਮਤੀਏ ਹੋਣ ਜਾਂ ਸਿੱਖੀ ਸਰੂਪ ਵਾਲੇ।


ਪੰਥਕ ਰਵਾਇਤਾਂ ਬਨਾਮ ਭਾਰਤੀ ਕਾਨੂੰਨ:

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਦੁਸ਼ਟ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ? ਇਸ ਲ਼ਈ ਪੰਥਕ ਰਵਾਇਤਾਂ ਅਤੇ ਭਾਰਤੀ ਕਾਨੂੰਨ ਵਿਚ ਬਹੁਤ ਭਿੰਨਤਾ ਹੈ। ਪੰਥਕ ਰਵਾਇਤਾਂ ਮੁਤਾਬਕ ਤਾਂ ਗੁਰੂ ਦੀ ਬੇਅਦਬੀ ਦੀ ਇਕ ਹੀ ਸਜ਼ਾ ਹੈ ਕਿ ਦੁਸ਼ਟ ਨੂੰ ਇਸ ਜਹਾਨ ਵਿਚੋਂ ਚੱਲਦਾ ਕੀਤਾ ਜਾਵੇ ਪਰ ਇਹ ਨਾ ਸਮਝਿਆ ਜਾਵੇ ਕਿ ਇਹ ਕਿਸੇ ਬਦਲੇ ਦੀ ਭਾਵਨਾ ਤਹਿਤ ਕੀਤਾ ਜਾਂਦਾ ਹੈ ਸਗੋਂ ਇਸਦਾ ਭਾਵ ਹੈ ਕਿ ਅਜਿਹੇ ਦੁਸ਼ਟ ਲਈ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਕੋਈ ਥਾਂ ਨਹੀਂ ਹੈ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦਾ ਬਾਂਸ ਬਿਰਤੀ ਵਾਲਾ ਵਿਰੋਧੀ ਹੋਣ ਕਾਰਨ ਉਸ ਦੇ ਸੁਧਾਰ ਦੀ ਕੋਈ ਆਸ ਨਹੀਂ ਹੁੰਦੀ। ਦੂਜੇ ਪਾਸੇ ਭਾਰਤੀ ਕਾਨੂੰਨ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੋਈ ਖਾਸ ਥਾਂ ਨਹੀ ਰੱਖਦੀ। ਭਾਰਤੀ ਕਾਨੂੰਨ ਮੁਤਾਬਕ ਕਿਸੇ ਵਰਗ ਦੀਆਂ ਧਾਰਮਿਕ ਭਾਵਾਨਾਵਾਂ ਨੂੰ ਠੇਸ ਪਹੁੰਚਾਉਂਣ ਵਿਰੁੱਧ ਇੰਡੀਅਨ ਪੀਨਲ ਕੋਡ ਦੇ ਚੈਪਟਰ 15 ਤਹਿਤ ਧਾਰਾਂਵਾਂ 295 ਤੋਂ 298 ਤੱਕ ਪ੍ਰਬੰਧ ਕੀਤਾ ਗਿਆ ਹੈ।ਜੇਕਰ ਕਿਸੇ ਵੀ ਧਾਰਮਿਕ ਅਸਥਾਨ ਦੀ ਪਵਿੱਤਰਤਾ ਭੰਗ ਹੁੰਦੀ ਹੈ ਤਾਂ ਧਾਰਾ 295 ਤਹਿਤ ਕੇਸ ਬਣਦਾ ਹੈ ਜਿਸ ਵਿਚ ਵੱਧ ਤੋਂ ਵੱਧ ਸਜ਼ਾ 2 ਸਾਲ ਹੈ ਅਤੇ ਜੇਕਰ ਕਿਸੇ ਦੇ ਧਰਮ ਜਾਂ ਧਾਰਮਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਂਦਾ ਹੈ ਤਾਂ ਉਸ ਵਿਰੁੱਧ ਧਾਰਾ 295-ਏ ਤਹਿਤ ਕੇਸ ਬਣਦਾ ਹੈ ਜਿਸ ਵਿਚ ਵੱਧ ਤੋਂ ਵੱਧ ਸਜ਼ਾ 3 ਸਾਲ ਹੈ।ਧਾਰਮਿਕ ਸਭਾ ਵਿਚ ਵਿਘਨ ਪਾਉਂਣ ਵਿਰੁੱਧ ਧਾਰਾ 296 ਹੈ ਜਿਸ ਵਿਚ ਵੱਧ ਤੋਂ ਵੱਧ ਸਜ਼ਾ 1 ਸਾਲ ਹੈ।ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਲਈ ਸਮਸ਼ਾਨ-ਘਾਟ ਵਿਚ ਜਾਣ ਵਿਰੁੱਧ ਧਾਰਾ 297 ਹੈ ਅਤੇ ਕਿਸੇ ਵਿਅਕਤੀ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਵਿਰੁੱਧ ਧਾਰਾ 298 ਹੈ ਜਿਹਨਾਂ ਵਿਚ ਵੱਧ ਤੋਂ ਵੱਧ ਸਜ਼ਾ 1 ਸਾਲ ਹੈ। ਸੋ ਸਪੱਸ਼ਟ ਹੈ ਕਿ ਗੁੂਰ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਧਾਰਾ 295-ਏ ਤਹਿਤ ਕਾਰਵਾਈ ਹੋਵੇਗੀ ਜਿਸ ਤਹਿਤ ਵੱਧ ਵੱਧ ਸਜ਼ਾ 3 ਸਾਲ ਹੈ ਜਿਸਦੀ ਜਮਾਨਤ 1 ਮਹੀਨੇ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਅਤੇ ਜੇਕਰ 3 ਸਾਲ ਸਜ਼ਾ ਹੋ ਵੀ ਗਈ ਤਾਂ ਫੌਜਦਾਰੀ ਜਾਬਤਾ ਦੀ ਧਾਰਾ 389 ਤਹਿਤ ਤੁਰੰਤ ਹੀ ਜਮਾਨਤ ਹੋ ਜਾਂਦੀ ਹੈ ਜਿਵੇ ਪਿਆਰੇ ਭਨਿਆਰੇਵਾਲੇ ਤੇ ਉਸਦੇ 7 ਸਾਥੀਆਂ ਨੂੰ 2001 ਵਿਚ ਕੀਤੀ ਬੇਅਦਬੀ ਲਈ ਜਦੋਂ ਮਈ 2013 ਵਿਚ 3 ਸਾਲ ਸਜ਼ਾ ਹੋਈ ਤਾਂ ਉਹਨਾਂ ਨੂੰ 40000/- ਦੇ ਜਮਾਨਤਨਾਮੇ ਉਪਰ ਤੁਰੰਤ ਛੱਡ ਦਿੱਤਾ ਗਿਆ।

ਸਭ ਤੋਂ ਮਹੱਵਪੂਰਨ ਗੱਲ ਕਿ ਭਾਰਤੀ ਨਿਆਂ ਪ੍ਰਬੰਧ ਲੰਮੇਰਾ ਹੋਣ ਕਾਰਨ ਦੇਰੀ ਨਾਲ ਮਿਲੇ ਨਿਆਂ ਨੂੰ ਅਨਿਆਂ ਹੀ ਕਿਹਾ ਜਾ ਸਕਦਾ ਹੈ। ਇਸਦੇ ਨਾਲ ਹੀ ਧਾਰਾ 295-ਏ ਤਹਿਤ ਸਜ਼ਾ ਕਰਾਉਂਣ ਲਈ ਜਰੂਰੀ ਹੈ ਕਿ ਸਬੰਧਤ ਸਰਕਾਰ ਦੇ ਗ੍ਰਹਿ ਵਿਭਾਗ ਦੀ ਫੌਜਦਾਰੀ ਜਾਬਤਾ ਦੀ ਧਾਰਾ 196 ਤਹਿਤ ਮਨਜੂੰਰੀ ਜਰੂਰੀ ਹੈ ਜੋ ਨਾ ਹੋਣ ਕਾਰਨ ਦੋਸ਼ੀ ਵਿਰੁੱਧ ਗਵਾਹੀਆਂ ਹੋਣ ਦੇ ਬਾਵਜੂਦ ਵੀ ਦੋਸ਼ੀ ਬਰੀ ਹੋ ਜਾਂਦਾ ਹੈ ਜਿਵੇ ਕਿ ਅਗਸਤ 2012 ਵਿਚ ਸਾਹਨੇਵਾਲ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਕੇਸ ਵਿਚ ਦੋਸ਼ੀਆਂ ਖਿਲ਼ਾਫ ਬਾਦਲ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 295-ਏ ਦਾ ਕੇਸ ਚਲਾਉਂਣ ਦੀ ਮਨਜੂਰੀ ਨਹੀਂ ਦਿੱਤੀ ਤਾਂ ਦੋਸ਼ੀ 295-ਏ ਵਿਚੋਂ ਬਰੀ ਹੋ ਗਿਆ ਪਰ ਬਹਿਸ ਕਰਨ ਉਪਰੰਤ ਕੋਰਟ ਨੂੰ ਇਹ ਜਚਾਇਆ ਗਿਆ ਕਿ ਕਿਉਂਕਿ ਬੇਅਦਬੀ ਦੀ ਘਟਨਾ ਧਾਰਮਿਕ ਅਸਥਾਨ ਗੁਰੂ-ਘਰ ਦੇ ਅੰਦਰ ਹੋਈ ਹੈ ਤਾਂ ਸਜ਼ਾ ਧਾਰਾ 295 ਤਹਿਤ ਵੀ ਕੀਤੀ ਜਾ ਸਕਦੀ ਹੈ ਕਿਉਂਕਿ 295 ਤਹਿਤ ਸਜ਼ਾ ਕਰਾਉਂਣ ਲਈ ਕਿਸੇ ਸਰਕਾਰ ਦੀ ਮਨਜੂਰੀ ਦੀ ਲੋੜ ਨਹੀਂ ਹੈ ਤਾਂ ਕੋਰਟ ਵਲੋਂ ਧਾਰਾ 295 ਤਹਿਤ ਵੱਧ ਤੋਂ ਵੱਧ ਸਜ਼ਾ 2 ਸਾਲ ਕੀਤੀ ਗਈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਧਾਰਾ 295-ਏ ਵਿਚ ਸਜ਼ਾ 10 ਸਾਲ ਅਤੇ ਫੌਜਦਾਰੀ ਜਾਬਤੇ ਦੀ ਧਾਰਾ 438 (ਬਾਹਰੋ-ਬਾਹਰ ਜਮਾਨਤ) ਦੀ ਸਹੂਲਤ ਬੰਦ ਕਰਨਾ ਪਾਸ ਕੀਤਾ ਹੈ ਪਰ ਅਜੇ ਤੱਕ ਇਸਦਾ ਨੋਟੀਫਿਕੇਸ਼ਨ ਨਾ ਹੋਣ ਕਰਕੇ ਇਹ ਲਾਗੂ ਨਹੀਂ ਹੋ ਸਕਿਆ।ਸਿਤਮਜ਼ਰੀਫੀ ਦੀ ਗੱਲ ਹੈ ਕਿ ਸਾਹਨੇਵਾਲ ਦੇ ਕੇਸ ਸਮੇਂ ਆਪਣੀ ਬਣਦੀ ਜਿੰਮੇਵਾਰੀ ਨਾ ਨਿਭਾਉਂਣ ਵਾਲੀ ਬਾਦਲ ਸਰਕਾਰ ਅੱਜ ਦੋਸ਼ੀਆਂ ਦੀ ਭਾਲ ਲਈ 1 ਕਰੋੜ ਦੇ ਇਨਾਮ, ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਂਣ ਦੇ ਦਾਅਵੇ ਤੇ ਜੁਡੀਸ਼ਲ ਜਾਂਚ ਦਾ ਐਲਾਨ ਕੇਵਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਥ ਵਿਚ ਆਪਣੀ ਗੁਆਚਦੀ ਜਾ ਰਹੀ ਸਾਖ ਨੂੰ ਬਹਾਲ ਰੱਖਣ ਲਈ ਕਰ ਰਹੀ ਹੈ। ਮੈਨੂੰ ਯਾਦ ਹੈ ਕਿ ਸਾਹਨੇਵਾਲ ਵਾਲੇ ਕੇਸ ਵਿਚ ਧਾਰਾ 295-ਏ ਦੀ ਮਨਜੂਰੀ ਲਈ ਕਿੱਥੇ-ਕਿੱਥੇ ਨਹੀਂ ਸੁਨੇਹੇ ਭੇਜੇ ਪਰ ਕਿਸੇ ਨੇ ਨਹੀਂ ਸੁਣੀ। ਉਹ ਤਾਂ ਭਾਈ ਮਨਦੀਪ ਸਿੰਘ ਕੁੱਬੇ ਹੀ ਸੀ ਜਿਸਨੇ ਪੰਥ ਦੀ ਡਿੱਗੀ ਪੱਗ ਸਿਰ ਉਪਰ ਰੱਖੀ ਪਰ ਉਸਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਕੀਤੀ।ਜਿਕਰਯੋਗ ਹੈ ਕਿ ਸਾਹਨੇਵਾਲ ਦੀ ਘਟਨਾ ਵਿਚ ਸਾਜ਼ਿਸਕਰਤਾ ਵਜੋਂ ਟਿੰਕੂ ਨਾਮੀ ਸਥਾਨਕ ਆਗੂ ਦਾ ਨਾਮ ਆਇਆ ਸੀ ਜਿਸ ਸਬੰਧੀ ਕੋਈ ਜਾਂਚ ਹੀ ਨਹੀਂ ਕੀਤੀ ਗਈ ਸਗੋਂ ਉਹ ਪੁਲਿਸ ਨੂੰ ਆਪਣੇ ਬੰਦੇ (ਦੋਸ਼ੀ ਦਲੀਪ ਕੁਮਾਰ) ਨੂੰ ਛੱਡਣ ਲਈ ਫੋਨ ਕਰਦਾ ਰਿਹਾ ਪਰ ਜਦੋਂ ਭਾਈ ਮਨਦੀਪ ਸਿੰਘ ਨੇ ਬਿਨਾਂ ਕੇਸ ਪਾਏ ਹਵਾਲਾਤ ਵਿਚ ਬੰਦ ਕੀਤੇ ਦਲੀਪ ਕੁਮਾਰ ਨੂੰ ਗੋਲੀਆਂ ਮਾਰ ਦਿੱਤੀਆਂ ਤਾਂ ਪੁਲਿਸ ਨੂੰ ਮਜਬੂਰਨ ਦਲੀਪ ਕੁਮਾਰ ਖਿਲਾਫ ਵੀ ਪਰਚਾ ਕੱਟਣਾ ਪਿਆ।ਭਾਰਤੀ ਨਿਆਂ ਪ੍ਰਬੰਧ ਵਲੋਂ ਸਿੱਖ ਸੱਭਿਆਚਾਰ ਨੂੰ ਮਾਨਤਾ ਨਾ ਦੇਣ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਜ਼ਾ 2 ਸਾਲ ਅਤੇ ਉਸ ਦੁਸ਼ਟ ਨੂੰ ਬਣਦੀ ਸਜ਼ਾ ਤੋਂ ਘੱਟ ਸਜ਼ਾ (ਭਾਈ ਮਨਦੀਪ ਸਿੰਘ ਕੁੱਬੇ ਵਲੋਂ ਗੋਲੀਆਂ ਮਾਰਨ ਤੋਂ ਬਾਅਦ ਦੋਸ਼ੀ ਦਲੀਪ ਕੁਮਾਰ ਬਚ ਗਿਆ ਸੀ, ਇਸ ਲਈ ਸਜ਼ਾ ਧਾਰਾ 307 ਇਰਾਦਾ ਕਤਲ ਵਿਚ ਹੋਈ ਸੀ) ਦੇਣ ਵਾਲੇ ਨੂੰ 5 ਸਾਲ ਦੀ ਸਜ਼ਾ ਕੀਤੀ ਗਈ।ਇਸੇ ਤਰ੍ਹਾਂ ਬਰਗਾੜੀ ਦੀ ਘਟਨਾ ਵਿਚ ਵੀ ਜੂਨ ਮਹੀਨੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ ਨੂੰ ਗੁਰੂ ਸਾਹਿਬ ਦੇ ਅੰਗ ਖਿਲਾਰਨ ਤੱਕ ਕੋਈ ਜਾਂਚ ਜਾਣ-ਬੁਝ ਕੇ ਨਹੀਂ ਕੀਤੀ ਗਈ ਤਾਂ ਜੋ ਮਸਲਾ ਵਧ ਜਾਵੇ ਤੇ ਇਸ ਵਿਚੋਂ ਉਪਜੇ ਹਲਾਤਾਂ ਦਾ ਕੋਈ ਫਾਇਦਾ ਲੈ ਸਕੇ।

ਪੰਥ ਦੇ ਦਾਨਸ਼ਵਰਾਂ ਨੂੰ ਚਾਹੀਦਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਦਾ ਓਟ-ਆਸਰਾ ਲੈ ਕੇ ਸਾਰੀ ਸਥਿਤੀ ਨੂੰ ਸਮੁੱਚ ਵਿਚ ਸਮਝ ਕੇ ਉਸ ਉਪਰੰਤ ਕੋਈ ਕਾਰਵਾਈ ਕਰਨ ਅਤੇ ਦੋ-ਧਾਰੀ ਪ੍ਰੋਗਰਾਮ ਉਲੀਕਣ, ਇਕ ਤਾਂ ਇਹਨਾਂ ਰੋਜ਼-ਰੋਜ਼ ਦੀਆਂ ਘਟਨਾਵਾਂ ਨੂੰ ਠੱਲਣ ਲਈ ਪ੍ਰੋਗਰਾਮ ਅਤੇ ਇਸ ਦੇ ਨਾਲ ਹੀ ਸਮੁੱਚੇ ਪੰਥ ਨੂੰ ਇਕ ਲੜੀ ਵਿਚ ਪਰੋਣ ਲਈ ਲੰਮੇਰੇ ਪ੍ਰੋਗਰਾਮ ਤਾਂ ਜੋ ਪੰਥ ਦੀ ਹੋਂਦ-ਹਸਤੀ ਨੂੰ ਕਾਇਮ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਵਲੋਂ ਦਰਸਾਏ ਸਰਬੱਤ ਦੇ ਭਲੇ ਵਾਲਾ ਬੇਗਮਪੁਰਾ, ਹਲੇਮੀ-ਰਾਜ ਸਿਰਜਣ ਲਈ ਕੌਮਾਂਤਰੀ ਤੇ ਲੋਕਲ ਪੱਧਰ ਉਪਰ ਕੰਮ ਕੀਤਾ ਜਾ ਸਕੇ।1947 ਤੋਂ ਬਾਅਦ ਦਿੱਲੀ ਤਖ਼ਤ ਉਪਰ ਬੈਠੇ ਲੋਕਾਂ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਸਦਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿਚੋਂ ਮਨੁੱਖਤਾ ਨੂੰ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਮੁਕਤ ਕਰਾਉਂਣ ਦੀ ਆਵਾਜ਼ ਨੂੰ ਦਬਾਉਂਣ ਦਾ ਯਤਨ ਕੀਤਾ ਹੈ ਪਰ ਸਮਾਂ ਹਮੇਸ਼ਾ ਇਕ ਜਿਹਾ ਨਹੀਂ ਰਹਿੰਦਾ। ਆਓ!ਗੁਰੂ ਕੇ ਸਿੱਖ-ਸਿੰਘ-ਖ਼ਾਲਸੇ ਬਣ ਕੇ ਗੁਰੂ ਵਲੋਂ ਸਾਡੇ ਉਪਰ ਆਇਦ ਕੀਤੇ ਫਰਜ਼ਾਂ ਨੂੰ ਪਛਾਣੀਏ। ਅਕਾਲ ਸਹਾਇ!