Khalsa Press Publication, ISSN: 2469-5432
Sikh News Network®
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
        Sikh Gurdwara Desecrated, Destroyed by Indore Municipal Corporation
ਨਵੰਬਰ 1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ
ਨਵੰਬਰ 1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ

ਵਾਸ਼ਿੰਗਟਨ, ਡੀ. ਸੀ. - ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਹੇਠ ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 31 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਅੰਸ-ਬੰਸ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ। ਇਨ੍ਹਾਂ ਬਹੁਤ ਸਾਰਿਆਂ ਨੂੰ ਤਾਂ ਆਪਣੇ ਪਿਆਰਿਆਂ ਦੇ ਅੰਤਮ-ਦਰਸ਼ਨ ਨਸੀਬ ਹੀ ਨਹੀਂ ਹੋਏ ਕਿਉਂਕਿ ਕਾਤਲਾਂ ਨੇ ਜਿਊਂਦੇ ਸਾੜੇ ਗਏ ਇਨ੍ਹਾਂ ਸਿੱਖਾਂ ਦੀ ਸਵਾਹ ਵੀ ਸਫਾਏ ਹਸਤੀ ’ਤੇ ਨਹੀਂ ਰਹਿਣ ਦਿੱਤੀ। ਸੈਂਕੜਿਆਂ ਸਿੱਖ ਔਰਤਾਂ, ਉਨ੍ਹਾਂ ਨਾਲ ਹਿੰਦੂ ਭੀੜਾਂ ਵਲੋਂ ਕੀਤੇ ਗਏ ਜਬਰ-ਜਨਾਹ ਦੇ ਪੀੜਾਂ ਭਰੇ ਜ਼ਖਮ ਅਜੇ ਵੀ ਆਪਣੇ ਸੀਨੇ ਵਿੱਚ ਲਈ ਜ਼ਖਮੀ ਪੰਛੀਆਂ ਵਾਂਗ ਕੁਰਲਾ ਰਹੀਆਂ ਹਨ।

ਇਸ ਨਸਲਕੁਸ਼ੀ ਨੂੰ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ, ਕੁਝ ਚਸ਼ਮਦੀਦ ਗਵਾਹਾਂ ਨੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਇਨ੍ਹਾਂ 31 ਵਰ੍ਹਿਆਂ ਵਿੱਚ, ਭਾਰਤੀ ਲੋਕਤੰਤਰ ਦਾ ਹਰ ਦਰਵਾਜ਼ਾ ਖੜਕਾਇਆ ਹੈ, ਪਰ ਇਨ੍ਹਾਂ ਪੀੜਤਾਂ ਲਈ ਕੋਈ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਦੌਰ ਦੇ ਅੱਡ-ਅੱਡ ਹਾਕਮਾਂ (ਸਮੇਤ ਪੱਗੜੀਧਾਰੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ) ਵਲੋਂ, ਇੱਕ ਹੀ ਉਪਦੇਸ਼ ਵਾਰ-ਵਾਰ ਸੁਣਨ ਨੂੰ ਮਿਲਿਆ - ‘ਬੀਤੇ ਨੂੰ ਭੁੱਲ ਜਾਓ।’ ਅਦਾਲਤਾਂ ਵਲੋਂ ਵੀ ਇਹ ਹੀ ਕਿਹਾ ਜਾ ਰਿਹਾ ਹੈ - ‘ਸਬੂਤਾਂ ਦੀ ਘਾਟ ਕਰਕੇ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ।’ ‘ਕਾਤਲਾਂ’ ਨੇ ਤਾਂ ਆਪਣੇ ਆਪ ਨੂੰ ‘ਬਰੀ’ ਸਮਝ ਲਿਆ ਹੈ ਪਰ ‘ਇਨਸਾਫ਼’ ਲਈ ਤਾਂਘ ਰੱਖਣ ਵਾਲੇ ਅਤੇ ਇਸ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਦੇਸ਼-ਵਿਦੇਸ਼ ਵਿਚਲੇ ‘ਇਨਸਾਫ-ਯੋਧਿਆਂ’ ਨੇ, ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਕੇਸ, ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ‘ਸਿੱਖ ਨੇਸ਼ਨ’ ਦੇ ਨਿਸ਼ਕਾਮ ਸੇਵਾਦਾਰਾਂ ਨੇ, ਇਨਸਾਫ ਮੁਹਿੰਮ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਵਿੱਚ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ ਖੂਨਦਾਨ ਕਰਨ ਦੀ ਮੁਹਿੰਮ ਨੂੰ ਤੋਰਿਆ। ਨਤੀਜੇ ਵਜੋਂ ਪਿਛਲੇ ਵਰ੍ਹਿਆਂ ਵਿੱਚ ਨਵੰਬਰ-84 ਦੀ ਯਾਦ ਵਿੱਚ ਕੀਤੇ ਗਏ ਖੂਨਦਾਨ ਨਾਲ, 1 ਲੱਖ 4 ਹਜ਼ਾਰ ਤੋਂ ਜ਼ਿਆਦਾ ਜਾਨਾਂ ਬਚਾਈਆਂ ਜਾ ਸਕੀਆਂ ਹਨ ਅਤੇ ਇਹ ਗਿਣਤੀ ਹਰ ਦਿਨ ਵਧ ਰਹੀ ਹੈ। ‘ਸਿੱਖ ਨੇਸ਼ਨ’ ਦੀ ਇਸ ਦੇਣ ਨੂੰ, ਨਾ ਸਿਰਫ ਕੈਨੇਡੀਅਨ ਰੈੱਡ ਕਰਾਸ ਤੋਂ ਲੈ ਕੇ ਮੁੱਖ ਧਾਰਾ ਰਾਜਨੀਤਕਾਂ ਤੱਕ ਸਭ ਨੇ ਸਰਾਹਿਆ ਹੀ ਹੈ, ਬਲਕਿ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਨੇ ਵੀ ਇਸ ਨੂੰ ‘ਸਿੱਖ ਨੇਸ਼ਨ’ ਦੇ ਹਾਂ-ਪੱਖੀ ਰੂਪ ਵਿੱਚ ਉਜਾਗਰ ਵੀ ਕੀਤਾ ਗਿਆ ਹੈ। ਸਿੱਖ ਨਸਲਕੁਸ਼ੀ ਦੀ ਗੂੰਜ ਕੈਨੇਡੀਅਨ ਪਾਰਲੀਮੈਂਟ ਵਿੱਚ ਵੀ ਪਈ ਹੈ ਅਤੇ ਓਟਵਾ, ਟੋਰੰਟੋ ਨਿਊਯਾਰਕ, ਵਾਸ਼ਿੰਗਟਨ (ਡੀ. ਸੀ.)
ਦੀਆਂ ਇਨਸਾਫ ਪਸੰਦ ਰੈਲੀਆਂ ਇਸ ਕੇਸ ਨੂੰ ਉਭਾਰਨ ਵਿੱਚ, ਮੱਦਦਗਾਰ ਸਾਬਤ ਹੋਈਆਂ ਹਨ।

ਨਿਊਯਾਰਕ ਦੀ ਇੱਕ ਅਦਾਲਤ ਵਿੱਚ, ਮੰਤਰੀ ਕਮਲ ਨਾਥ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਯਤਨ, ਅਮਰੀਕਨ ਅਦਾਲਤਾਂ ਵਲੋਂ ਅਮਿਤਾਭ ਬੱਚਨ, ਪ੍ਰਕਾਸ਼ ਸਿੰਘ ਬਾਦਲ ਅਤੇ ਸੋਨੀਆ ਗਾਂਧੀ ਨੂੰ ਜਾਰੀ ਸੰਮਨ, ਪ੍ਰਦੇਸੀ ਖਾਲਸਾ ਜੀ ਦੀ ‘ਪਹੁੰਚ’ ਦਾ ਸਬੂਤ ਹੈ। ਪਿਛਲੇ 31 ਵਰ੍ਹਿਆਂ ਦੌਰਾਨ ਬਾਦਲ ਅਕਾਲੀ ਦਲ ਦਾ ਰੋਲ ਅਤੇ ਇਸ ਤੋਂ ਪਹਿਲਾਂ ‘ਧਰਮ ਯੁੱਧ ਮੋਰਚਾ’ ਛੇੜਨ ਵਾਲੀ ਇਸ ਪਾਰਟੀ ਦੇ ਵਿਕਾਊਮਾਲ ਲੀਡਰਾਂ ਦੀ ਕਾਰਗੁਜ਼ਾਰੀ ’ਤੇ ਇੱਕ ਪੰਛੀ-ਝਾਤ ਪਵਾਉਣੀ ਅਤਿ ਜ਼ਰੂਰੀ ਹੈ।

ਜੂਨ 1984 ਤੋਂ ਪਹਿਲਾਂ ਦੇ ਸਮੇਂ ਵਿੱਚ, ਅਕਾਲੀ ਦਲ (ਜਿਸ ਵਿੱਚ ਉਦੋਂ ਲੌਂਗੋਵਾਲ, ਟੌਹੜਾ, ਬਾਦਲ, ਬਰਨਾਲਾ, ਬਲਵੰਤ ਲੱਡੂ, ਰਵੀਇੰਦਰ ਸਿੰਘ, ਬਲਵੰਤ ਰਾਮੂਵਾਲੀਆ ਆਦਿ ਸਭ ਸ਼ਾਮਲ ਸਨ) ਦੇ ਰੋਲ ਸਬੰਧੀ ਕਾਫੀ ਸਮੱਗਰੀ ਹੁਣ ਜਨਤਕ ਹੋ ਚੁੱਕੀ ਹੈ।

ਘੱਲੂਘਾਰਾ- 84 ਤੋਂ ਪਹਿਲਾਂ ਦੀ ਇਸ ‘ਸਮੱਗਰੀ’ ਵਿੱਚ ਉਪਰੋਕਤ ਅਕਾਲੀ ਲੀਡਰਾਂ ਦੀਆਂ, ਸਰਕਾਰ ਨਾਲ ਹੋਈਆਂ 24 ਮੀਟਿੰਗਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 9 ਮੀਟਿੰਗਾਂ ‘ਗੁਪਤ’ ਹੋਈਆਂ। ਇਹ ਗੁਪਤ ਮੀਟਿੰਗਾਂ ਗੈਸਟ ਹਾਊਸਾਂ, ਹਵਾਈ ਅੱਡੇ ਦੇ ਲਾਂਜਾਂ ਅਤੇ ਪ੍ਰਾਈਵੇਟ ਘਰਾਂ ਵਿੱਚ ਹੋਈਆਂ। ਇਹ ਗੁਪਤ ਮੀਟਿੰਗਾਂ ਪ੍ਰਧਾਨ ਮੰਤਰੀ ਨਿਵਾਸ, (27 ਸਫਦਰਜੰਗ ਰੋਡ ਦਿੱਲੀ) ਦਿੱਲੀ ਗੈਸਟ ਹਾਊਸ, ਚੰਡੀਗੜ੍ਹ ਦੇ ਇੱਕ ਨਿੱਜੀ ਮਕਾਨ, ਹਵਾਈ ਅੱਡੇ ਦੀ ਲਾਂਜ ਚੰਡੀਗੜ੍ਹ ਵਿੱਚ ਅੱਡ-ਅੱਡ ਸਮੇਂ ’ਤੇ ਹੋਈਆਂ। ਇਨ੍ਹਾਂ 9 ਗੁਪਤ ਮੀਟਿੰਗਾਂ ਦੀਆਂ, ਤਰੀਕਾਂ ਇਸ ਪ੍ਰਕਾਰ ਹਨ, 16 ਨਵੰਬਰ-1982, 17 ਨਵੰਬਰ-1982, 17 ਜਨਵਰੀ-1983, 24 ਜਨਵਰੀ-1984, 24 ਮਾਰਚ-1984, 27 ਮਾਰਚ-1984, 29
ਮਾਰਚ-1984, 21 ਅਪ੍ਰੈਲ-1984 ਅਤੇ 26 ਮਈ-1984। ਇਨ੍ਹਾਂ ਮੀਟਿੰਗਾਂ ਵਿੱਚ ਸਾਮਲ ਹੋਣ ਵਾਲੇ ਸਰਕਾਰੀ ਅਧਿਕਾਰੀ ਸਨ - ਆਰ. ਐੱਲ. ਭਾਟੀਆ, ਸੀ. ਆਰ. ਕ੍ਰਿਸ਼ਨਾਸਵਾਮੀ ਰਾਓ- ਮੰਤਰੀ ਮੰਡਲ ਸਕੱਤਰ, ਪੀ. ਸੀ. ਅਲੈਗਜੈਂਡਰ, ਟੀ. ਐਨ. ਚਤੁਰਵੇਦੀ (ਗ੍ਰਹਿ ਸਕੱਤਰ), ਮੰਤਰੀ ਵੈਂਕਟ ਰਮਨ, ਮੰਤਰੀ ਪੀ. ਸੀ. ਸੇਠੀ, ਮੰਤਰੀ ਸ਼ਿਵ ਸ਼ੰਕਰ, ਅਮਰਿੰਦਰ ਸਿੰਘ ਐਮ. ਪੀ., ਟੀ. ਐਨ. ਚਤੁਰਵੇਦੀ, ਰਾਜੀਵ ਗਾਂਧੀ ਐਮ. ਪੀ., ਮੰਤਰੀ ਨਰਸਿਮ੍ਹਾ ਰਾਓ, ਐਸ. ਐਸ. ਕੇ. ਵਲੀ, ਪ੍ਰੇਮ ਕੁਮਾਰ - ਗ੍ਰਹਿ ਸਕੱਤਰ, ਪ੍ਰਣਾਬ ਮੁਖਰਜੀ ਅਤੇ ਸ਼ਿਵ ਸ਼ੰਕਰ।

26 ਮਈ 1984 ਦੀ ਅਖੀਰਲੀ ਮੀਟਿੰਗ ਵਿੱਚ ਪ੍ਰਣਾਬ ਮੁਖਰਜੀ, ਨਰਸਿਮ੍ਹਾ ਰਾਓ ਅਤੇ ਸ਼ਿਵ ਸ਼ੰਕਰ ਸ਼ਾਮਲ ਸਨ। ਅਕਾਲੀ ਲੀਡਰਾਂ ਨੇ, ਕੇਂਦਰ ਸਰਕਾਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਕਾਬੂ ਕਰਨ ਲਈ ‘ਕੁਝ ਵੀ ਕਰਨ’ ਲਈ ਹਰੀ ਝੰਡੀ ਦੇ ਦਿੱਤੀ। ਜੂਨ ’84 ਦੇ ਪਹਿਲੇ ਹਫ਼ਤੇ, ਦਿੱਲੀ ਦੇ ਹਾਕਮਾਂ ਵਲੋਂ ਸਿੱਖ ਕੌਮ ’ਤੇ ਢਾਹੇ ਗਏ ਜਬਰ ਅਤੇ ਵਰਤਾਏ ਗਏ ‘ਘੱਲੂਘਾਰੇ’ ਵਿੱਚ, ਅਕਾਲੀ ਲੀਡਰਾਂ ਦਾ ਰੋਲ, ਹੁਣ ਚਿੱਟੇ ਦਿਨ ਦੀ ਚਿੱਟੀ ਨੰਗੀ ਧੁੱਪ ਵਾਂਗ ਪੂਰੀ ਤਰ੍ਹਾਂ ਨੰਗਾ ਹੈ।

ਨਵੰਬਰ-84 ਤੋਂ ਬਾਅਦ, ਦਿੱਲੀ ਵਿੱਚ 3 ਵਾਰ ਪੰਡਿਤ ਵਾਜਪਾਈ ਦੀ ਅਗਵਾਈ ਵਿੱਚ ਸਰਕਾਰ ਬਣੀ, ਜਿਸ ਵਿੱਚ ਅਕਾਲੀ ਦਲ ਭਾਈਵਾਲ ਸੀ। ਹੁਣ ਵਾਲੀ ਮੋਦੀ ਸਰਕਾਰ ਵਿੱਚ ਵੀ ਇਹ ਭਾਈਵਾਲ ਹਨ। ਇਨ੍ਹਾਂ 31 ਵਰ੍ਹਿਆਂ ਵਿੱਚ ਹਰ ਵਾਰ, ਅਕਾਲੀ ਦਲ ਨੇ ਦਿੱਲੀ ਵਿੱਚ ਬੀ. ਜੇ. ਪੀ. ਨੂੰ ਵੋਟਾਂ ਪਵਾਈਆਂ। ਦਿੱਲੀ ਵਿਧਾਨ ਸਭਾ ਵਿੱਚ ਦੋ ਟਰਮਾਂ ਨੂੰ ਛੱਡ ਕੇ (ਜਦੋਂ ਤੋਂ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਹੈ), ਬੀ. ਜੇ. ਪੀ. ਦੀ ਸਰਕਾਰ ਹੀ ਬਣਦੀ ਰਹੀ। ਪੰਜਾਬ ਵਿੱਚ 1985 ਵਿੱਚ ਬਰਨਾਲੇ ਦੀ ਅਕਾਲੀ ਸਰਕਾਰ ਬਣੀ, 1997 ਵਿੱਚ ਬਾਦਲ ਦੀ ਅਕਾਲੀ ਸਰਕਾਰ ਬਣੀ, ਹੁਣ 2007 ਤੋਂ ਫੇਰ ਬਾਦਲ ਦੀ ਸਰਕਾਰ ਹੈ ਪਰ ਘੱਲੂਘਾਰਾ ਜੂਨ-84 ਦਾ ਹੋਵੇ, ਨਵੰਬਰ-84 ਹੋਵੇ ਜਾਂ 1984 ਤੋਂ 1995 ਤੱਕ
ਹੋਈ ਸਿੱਖ ਨਸਲਕੁਸ਼ੀ ਹੋਵੇ, ਅਕਾਲੀਆਂ ਨੇ ਇਸ ਸਬੰਧੀ ਸਾਰੇ ‘ਚੈਪਟਰ’ ਬੰਦ ਕਰ ਦਿੱਤੇ ਅਤੇ ਕਦੀ ਵੀ ਮੂੰਹ ਨਹੀਂ ਖੋਲ੍ਹਿਆ। ਸੰਗਤਾਂ ਦੇ ਦਬਾਅ ਹੇਠ, ਸ਼੍ਰੋਮਣੀ ਕਮੇਟੀ, ਘੱਲੂਘਾਰਿਆਂ ਨਾਲ ਸਬੰਧਿਤ ਦਿਨਾਂ ਨੂੰ, ਦਰਬਾਰ ਸਾਹਿਬ ਕੰਪਲੈਕਸ ਵਿੱਚ ਦੱਬੇ ਘੁੱਟੇ ਸਾਹਾਂ ਨਾਲ ਮਨਾ ਦਿੰਦੀ ਹੈ ਪਰ ਇਨ੍ਹਾਂ ਘੱਲੂਘਾਰਿਆਂ ਨੂੰ ਉਹ ਸਿੱਖ ਯਾਦ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੁੰਦੇ।

ਮਾਮਲਾ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ, ਪਰਿਵਾਰਾਂ ਦੀ ਵਿੱਤੀ ਮੱਦਦ ਦਾ ਹੋਏ, ਧਰਮੀ ਫੌਜੀਆਂ ਦੀ ਮੁੜ ਬਹਾਲੀ ਦਾ ਹੋਵੇ ਜਾਂ ਮਾਰੇ ਗਏ ਸਿੱਖਾਂ ਦੇ ਅੰਕੜੇ ਇਕੱਠੇ ਕਰਨ ਦਾ ਹੋਵੇ, ਸ਼੍ਰੋਮਣੀ ਕਮੇਟੀ ਨੇ ਇਸ ਸਭ ਵੱਲ ਪਿੱਠ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਕੰਟਰੋਲ ਹੇਠ ‘ਜਥੇਦਾਰ’ ਗੁਰੂਡੰਮ ਦੇ ਖਿਲਾਫ ਹੁਕਮਨਾਮਾ ਜਾਰੀ ਕਰਦੇ ਹਨ ਅਤੇ ਇਸ ਹੁਕਮਨਾਮੇ ’ਤੇ ਅਮਲ ਕਰਵਾਉਣ ਵਾਲੇ ਸਿੱਖਾਂ ਨੂੰ ਬਾਦਲ ਦੀ ‘ਪੰਥਕ ਸਰਕਾਰ’ ਜੇਲ੍ਹਾਂ ਵਿੱਚ ਡੱਕ ਕੇ ਗੁਰੂਡੰਮੀਆਂ ਦੀ ਅਖੌਤੀ ਨਾਮ-ਚਰਚਾ ਕਰਵਾ ਰਹੀ ਹੈ। ਅਕਾਲੀ ਦਲ ਨੇ, ਪੰਜਾਬ ਦੀਆਂ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਨੌਜਵਾਨਾਂ ਦੀ ਰਿਹਾਈ ਲਈ ਕਾਰਵਾਈ ਤਾਂ ਕੀ ਕਰਨੀ ਸੀ, ਉਨ੍ਹਾਂ ਨੇ ਹੋਰ ਕਈ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਲੰਮੇ ਸਮੇਂ ਲਈ ਰੱਖਣ
ਦੇ ਮਨਸੂਬੇ ਲਾਗੂ ਕਰ ਦਿੱਤੇ ਹਨ।

ਬਾਦਲ ਦਲ ਦੀ ਸਿਖਰਲੀ ਲੀਡਰਸ਼ਿਪ ਤੋਂ ਲੈ ਕੇ ਹੇਠਾਂ ਤੱਕ ਦੇ ਟੌਂਟ-ਬਟੌਂਟ ਅੱਜ ਵੀ ਸੰਤ ਭਿੰਡਰਾਂਵਾਲਿਆਂ ਨੂੰ ‘ਕਾਂਗਰਸੀ ਏਜੰਟ’ ਅਤੇ ਸਿੱਖ ਜੁਝਾਰੂਆਂ ਨੂੰ ‘ਲੁਟੇਰੇ ਕਾਤਲ’ ਲਕਬਾਂ ਨਾਲ ਹੀ ਸੰਬੋਧਨ ਕਰਦੇ ਹਨ। ਸੁਖਬੀਰ ਬਾਦਲ ਨੇ ਆਪਣੀ ਇੱਕ ‘ਅਪਰਾਧੀਆਂ ਦੀ ਫੌਜ’ (ਕ੍ਰਿਮੀਨਲ ਫੋਰਸ) ਪੰਜਾਬ ਵਿੱਚ ਖੜ੍ਹੀ ਕੀਤੀ ਹੋਈ ਹੈ, ਜਿਸ ਦਾ ਮਕਸਦ ਪੰਥਕ ਏਜੰਡੇ ਦੀ ਗੱਲ ਕਰਨ ਵਾਲਿਆਂ ਨੂੰ ਅੰਨ੍ਹੀ ਤਾਕਤ ਦੀ ਵਰਤੋਂ ਨਾਲ ਦਬਾਉਣਾ ਹੈ। ਬਾਦਲ ਪਿਓ-ਪੁੱਤਰ, ਸਿੱਖ ਨਸਲਕੁਸ਼ੀ ਦੇ ਏਜੰਡੇ ’ਤੇ ਅਮਲ ਕਰਨ ਵਾਲੀਆਂ ਭਾਰਤੀ ਏਜੰਸੀਆਂ ਦੇ ਹੱਥਠੋਕੇ ਬਣੇ ਹੋਏ ਹਨ। ਮੌਜੂਦਾ ਹਾਲਾਤਾਂ ਵਿੱਚ ਤਾਂ ਇਸ ਪਿਓ-ਪੁੱਤਰ ਨੇ ਅੱਤ ਦੀ ਸਿਖਰ ਹੀ ਕਰ ਦਿੱਤੀ ਹੈ। ਪੁਲਿਸ ਗੋਲੀ ਨਾਲ ਇੱਕ ਵਾਰ ਫੇਰ ਸਿੱਖ ਮਾਰੇ ਗਏ
ਤੇ ਪਰਚੇ ਵੀ ਸਿੱਖਾਂ ’ਤੇ ਹੀ ਦਰਜ ਹੋਏ। ਹੁਣ ਤਾਂ ਇਨ੍ਹਾਂ ਦੇ ਰਾਜ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਰੱਖਿਅਤ ਨਹੀਂ ਰਿਹਾ, ਹਰ ਰੋਜ਼ ਕਿਤੇ ਨਾ ਕਿਤੇ ਸਾਜ਼ਿਸ਼ ਅਧੀਨ ਬੇਅਦਬੀ ਦੀ ਖਬਰ ਆ ਰਹੀ ਹੈ।

ਪਿਛਲੇ ਸਮੇਂ ਦੌਰਾਨ, ਪੰਜਾਬ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ ਆਦਿ ਦੇ ਕੇਸਾਂ-ਦਸਤਾਰਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਵਿੱਚ ਲਗਾਤਾਰਤਾ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ਵਿਚਲੇ ਪੰਥਪ੍ਰਸਤ ਸਿੱਖ ਪੂਰੀ ਤਰ੍ਹਾਂ ਬੇਬਸੀ ਦੀ ਹਾਲਤ ਵਿੱਚ ਹਨ। ਪ੍ਰਕਾਸ਼ ਸਿੰਘ ਬਾਦਲ ਨੇ ‘ਪੰਥਕ ਏਜੰਡੇ’ ਨੂੰ ਡੂੰਘਾ ਦਫਨ ਕਰਨ ਲਈ, ਆਪਣੇ ਟੱਬਰ ਨੂੰ ਸਮੁੱਚੀਆਂ ਪੰਥਕ ਸੰਸਥਾਵਾਂ ’ਤੇ ਆਪਣੇ
ਜਿਊਂਦੇ ਜੀਅ ਕਾਬਜ਼ ਕਰਵਾ ਦਿੱਤਾ ਹੈ।

ਜਥੇਦਾਰ ਅਕਾਲ ਤਖਤ ਦਾ ਅਹੁਦਾ ਇੱਕ ‘ਡੰਮੀ ਜਥੇਦਾਰ’ ਵਾਲਾ ਬਣਾ ਦਿੱਤਾ ਗਿਆ ਹੈ, ਜਿਸ ਵਿੱਚ ਮੌਜੂਦਾ ਜਥੇਦਾਰ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ। ਹੁਣ ਵੇਖਣਾ ਇਹ ਹੈ ਕਿ ਇਸ ਜ਼ਲਾਲਤ ਭਰੀ ਸਥਿਤੀ ਨੂੰ ਸਿੱਖ ਕੌਮ ਕਿੰਨੀ ਕੁ ਦੇਰ ਤਮਾਸ਼ਬੀਨ ਬਣ ਕੇ ਵੇਖਦੀ ਰਹੇਗੀ? ਕੀ ਅਸੀਂ ਸਿੱਖ ਕੌਮ ਨੂੰ ਬਾਦਲ ਦੇ ‘ਮਗਰਮੱਛੀ ਢਿੱਡ’ ਨੂੰ ਪਾੜ ਕੇ ਜਾਂ ਬਾਦਲ ਦੇ ‘ਤੰਦੂਆ ਜਾਲ’ ਨੂੰ ਤਾਰ-ਤਾਰ ਕਰਕੇ ਮੁਕਤ ਕਰਵਾ ਸਕਾਂਗੇ? ਹਾਲਾਤ ਬਦਲ ਰਹੇ ਹਨ, ਹੁਣ ਭਾਰਤ ’ਚ ਮੋਦੀ ਦੀ ਸਰਕਾਰ ਹੈ, ਜੋ ਬਾਦਲਾਂ ਦੀ ਭਾਈਵਾਲ ਹੈ ਅਤੇ ਸਿੱਖਾਂ ਨੂੰ ਅਜਗਰ ਵਾਂਗ ਸਬੂਤਾ ਨਿਗਲਣ ਲਈ ਬਿਹਬਲ ਹੈ। ਸਮਾਂ ਤੇਜ਼ੀ ਨਾਲ ਬੀਤਦਾ ਜਾ ਰਿਹਾ ਹੈ। ਬਾਦਲ ਦਲ ਦੇ ਕਾਲੇ ਪ੍ਰਛਾਵੇਂ ’ਚੋਂ, ਖਾਲਸਾ ਪੰਥ ਨੂੰ ਅਜ਼ਾਦ ਕਰਵਾਉਣ ਲਈ ਜ਼ੋਰਦਾਰ
ਹੱਲਾ ਮਾਰਨ ਦੀ ਲੋੜ ਹੈ। ਕਾਂਗਰਸ ਨੇ ਸਾਡੇ ਬੱਚੇ-ਜਵਾਨ-ਬਜ਼ੁਰਗ ਕੋਹ-ਕੋਹ ਕੇ ਮਾਰੇ ਤੇ ਬਾਦਲ ਨੇ ਉਨ੍ਹਾਂ ਦੇ ਸਿਵਿਆਂ ’ਤੇ ਕੁਰਸੀ ਡਾਹ ਕੇ ਸੱਤਾ ਦਾ ਆਨੰਦ ਮਾਣਿਆ। ਬਾਦਲ ਦਲ ਦੀ ਲੀਡਰਸ਼ਿਪ ਵਲੋਂ, ਨਵੰਬਰ-84 ਦੀ ਸਿੱਖ ਨਸਲਕੁਸ਼ੀ ਸਬੰਧੀ ਦੰਭੀ-ਪਖੰਡੀ ਪਹੁੰਚ ’ਤੇ ਗਾਲਿਬ ਦਾ ਇਹ ਸ਼ਿਅਰ ਬੜਾ ਢੁੱਕਵਾਂ ਹੈ -

ਕਿਸ ਮੂੰਹ ਸੇ ਜਾਓਗੇ ਕਾਬਾ ਗਾਲਿਬ
ਸ਼ਰਮ ਤੁਮਕੋ ਮਗਰ ਆਤੀ ਨਹੀਂ।